ਜਵਾਹਰ ਨਵੋਦਿਆ ਵਿਦਿਆਲਿਆ ਵਿਚ ਦਾਖ਼ਲੇ ਸ਼ੁਰੂ, ਪੜ੍ਹੋ ਪੂਰਾ ਵੇਰਵਾ
ਜਵਾਹਰ ਨਵੋਦਿਆ ਵਿਦਿਆਲਿਆ (JNV) ਨੇ ਅਕਾਦਮਿਕ ਸਾਲ 2025-26 ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਜਵਾਹਰ ਨਵੋਦਿਆ ਵਿਦਿਆਲਿਆ ਦੀ 6ਵੀਂ ਜਮਾਤ ਵਿੱਚ ਦਾਖਲਾ ਕਰਵਾਉਣਾ ਚਾਹੁੰਦੇ ਹਨ, ਉਹ 16 ਸਤੰਬਰ 2024 ਤੱਕ JNV navodaya.gov.in ਦੀ ਅਧਿਕਾਰਤ ਵੈੱਬਸਾਈਟ ਉਤੇ ਬਿਨੈ ਪੱਤਰ ਭਰ ਸਕਦੇ ਹਨ। ਜਵਾਹਰ ਨਵੋਦਿਆ ਵਿਦਿਆਲਿਆ ਕਲਾਸ 6 ਵਿਚ ਦਾਖਲੇ ਦੀ ਆਖਰੀ ਮਿਤੀ ਨਹੀਂ ਵਧਾਈ ਜਾਵੇਗੀ।
ਇਹ ਵੀ ਪੜ੍ਹੋ- ਲੁਧਿਆਣਾ ‘ਚ ਸਿਲੰਡਰ ਫਟਿਆ, ਅੱਗ ਲੱਗਣ ਕਾਰਨ ਔਰਤ ਝੁਲਸੀ
ਜਵਾਹਰ ਨਵੋਦਿਆ ਵਿਦਿਆਲਿਆ ਨੂੰ ਦੇਸ਼ ਦੇ ਚੋਟੀ ਦੇ ਸਰਕਾਰੀ ਸਕੂਲਾਂ ਵਿਚ ਗਿਣਿਆ ਜਾਂਦਾ ਹੈ। ਇਸ ਵਿਚ ਵਿਦਿਆਰਥੀਆਂ ਨੂੰ ਬੋਰਡਿੰਗ ਦੀ ਸਹੂਲਤ ਵੀ ਮਿਲਦੀ ਹੈ। ਜਵਾਹਰ ਨਵੋਦਿਆ ਵਿਦਿਆਲਿਆ ਵਿਚ ਕੋਈ ਟਿਊਸ਼ਨ ਜਾਂ ਬੋਰਡਿੰਗ ਫੀਸ ਨਹੀਂ ਲਈ ਜਾਂਦੀ, ਪਰ ਇੱਥੇ ਦਾਖਲਾ ਲੈਣਾ ਬਹੁਤ ਮੁਸ਼ਕਲ ਹੈ। ਜਵਾਹਰ ਨਵੋਦਿਆ ਵਿਦਿਆਲਿਆ ਕਲਾਸ 6 ਵਿਚ ਦਾਖਲੇ ਲਈ ਵਿਦਿਆਰਥੀਆਂ ਨੂੰ ਇੱਕ ਮੁਸ਼ਕਲ ਦਾਖਲਾ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ। ਦੱਸ ਦਈਏ ਕਿ ਇੱਥੇ ਹਰ ਸਾਲ ਵੱਡੀ ਗਿਣਤੀ ਵਿਦਿਆਰਥੀ ਦਾਖਲੇ ਲਈ ਅਪਲਾਈ ਕਰਦੇ ਹਨ।
ਕੌਣ ਦਾਖਲਾ ਲੈ ਸਕਦਾ ਹੈ?
ਜਵਾਹਰ ਨਵੋਦਿਆ ਵਿਦਿਆਲਿਆ 6ਵੀਂ ਜਮਾਤ ਵਿਚ ਇਸ ਸਾਲ ਪੰਜਵੀਂ ਜਮਾਤ ਵਿਚ ਪੜ੍ਹ ਰਹੇ ਵਿਦਿਆਰਥੀ ਹੀ ਦਾਖ਼ਲਾ ਲੈ ਸਕਦੇ ਹਨ। ਦੱਸ ਦਈਏ ਕਿ ਵਿਦਿਆਰਥੀ ਆਪਣੇ ਜ਼ਿਲ੍ਹੇ ਵਿਚ ਸਥਿਤ ਨਵੋਦਿਆ ਵਿਦਿਆਲਿਆ ਵਿਚ ਹੀ ਦਾਖ਼ਲਾ ਲੈ ਸਕਦੇ ਹਨ, ਕਿਸੇ ਹੋਰ ਜ਼ਿਲ੍ਹੇ ਵਿਚ ਨਹੀਂ। ਇਸ ਸਰਕਾਰੀ ਸਕੂਲ ਵਿਚ ਦਾਖ਼ਲੇ ਲਈ ਬਿਨੈ ਪੱਤਰ ਦਾਖਲ ਕਰਨ ਸਮੇਂ ਬੱਚੇ ਦਾ ਰਿਹਾਇਸ਼ੀ ਸਰਟੀਫਿਕੇਟ ਵੀ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ। ਵਿਦਿਆਰਥੀ ਨਵੋਦਿਆ ਵਿਦਿਆਲਿਆ ਦੀ ਪ੍ਰਵੇਸ਼ ਪ੍ਰੀਖਿਆ ਸਿਰਫ਼ ਇਕ ਵਾਰ ਹੀ ਦੇ ਸਕਦੇ ਹਨ।
ਦਾਖਲੇ ਲਈ ਯੋਗਤਾ ਦੇ ਮਾਪਦੰਡ ਕੀ ਹਨ?
ਜਵਾਹਰ ਨਵੋਦਿਆ ਵਿਦਿਆਲਿਆ ਵਿਚ 6ਵੀਂ ਜਮਾਤ ਵਿਚ ਦਾਖ਼ਲੇ ਲਈ ਸਿਰਫ਼ ਉਹ ਵਿਦਿਆਰਥੀ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਜਾਂ ਮਾਨਤਾ ਪ੍ਰਾਪਤ ਸਕੂਲ ਵਿਚ 3, 4 ਅਤੇ 5ਵੀਂ ਜਮਾਤ ਵਿੱਚ ਪੂਰਾ ਸਮਾਂ ਪੜ੍ਹਿਆ ਹੋਵੇ। ਇਸ ਤੋਂ ਇਲਾਵਾ ਉਨ੍ਹਾਂ ਦਾ ਹਰ ਜਮਾਤ ਪਾਸ ਕਰਨਾ ਵੀ ਜ਼ਰੂਰੀ ਹੈ। ਨਵੋਦਿਆ ਵਿਦਿਆਲਿਆ ਵਿਚ ਕਿਸੇ ਵੀ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਲਈ 75 ਪ੍ਰਤੀਸ਼ਤ ਸੀਟਾਂ ਰਾਖਵੀਆਂ ਹਨ। ਜਦੋਂ ਕਿ ਬਾਕੀ 25% ਸੀਟਾਂ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਲਈ ਉਪਲਬਧ ਹਨ।