ਜੰਮੂ-ਕਸ਼ਮੀਰ ‘ਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਜ਼ਮੀਨ ਖਿਸਕਣ ਕਾਰਨ ਜੇਸੀਬੀ ਡਰਾਈਵਰ ਸਮੇਤ ਚਾਰ ਦੀ ਮੌਤ ਹੋ ਗਈ ਹੈ ਅਤੇ ਛੇ ਜ਼ਖਮੀਆਂ ਨੂੰ ਬਚਾ ਲਿਆ ਗਿਆ ਹੈ।ਮੀਡੀਆ ਰਿਪੋਰਟ ਮੁਤਾਬਕ ਬਚਾਅ ਕਾਰਜ ਪੂਰਾ ਹੋ ਗਿਆ ਹੈ। ਅਪਰੇਸ਼ਨ ਦੇ ਚੱਲਦਿਆਂ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜ਼ਮੀਨ ਖਿਸਕਣ ਤੋਂ ਬਾਅਦ ਮਲਬੇ ਹੇਠ ਦੱਬੇ 6 ਜ਼ਖਮੀ ਲੋਕਾਂ ਨੂੰ ਵੀ ਬਚਾ ਲਿਆ ਗਿਆ ਹੈ। ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਦੇਵਾਂਸ਼ ਗੁਪਤਾ ਮੁਤਾਬਕ ਬਚਾਅ ਕਾਰਜ ਪੂਰਾ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਰਤਲੇ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਸਾਈਟ ‘ਤੇ ਜ਼ਮੀਨ ਖਿਸਕਣ ਕਾਰਨ ਜੇਸੀਬੀ ਡਰਾਈਵਰ ਦੀ ਮੌਤ ਹੋਣ ਦੀ ਖ਼ਬਰ ਆਈ ਸੀ। ਜਦੋਂ ਬਚਾਅ ਟੀਮ ਡਰਾਈਵਰ ਨੂੰ ਬਚਾਉਣ ਲਈ ਮੌਕੇ ‘ਤੇ ਪਹੁੰਚੀ ਤਾਂ ਪਹਾੜ ਤੋਂ ਹੋਰ ਮਲਬਾ ਡਿੱਗ ਗਿਆ, ਜਿਸ ਨਾਲ ਛੇ ਕਰਮਚਾਰੀ ਮਲਬੇ ਹੇਠਾਂ ਦੱਬ ਗਏ। ਸ਼ਨੀਵਾਰ ਸ਼ਾਮ ਕਰੀਬ 6 ਵਜੇ ਪਹਾੜੀ ਦਾ ਕੁਝ ਹਿੱਸਾ ਡਿੱਗਣ ਕਾਰਨ ਹਾਦਸੇ ‘ਚ ਦੱਬੇ ਮੁਲਾਜ਼ਮਾਂ ਨੂੰ ਬਚਾਉਣ ਲਈ ਵੱਡੇ ਪੱਧਰ ‘ਤੇ ਬਚਾਅ ਮੁਹਿੰਮ ਚਲਾਈ ਗਈ।ਬਚਾਅ ਮੁਹਿੰਮ ਦੌਰਾਨ ਜ਼ਮੀਨ ਖਿਸਕਣ ਦੇ ਖਤਰੇ ਨੂੰ ਦੇਖਦੇ ਹੋਏ ਮਸ਼ੀਨਾਂ ਦੀ ਵਰਤੋਂ ਬੰਦ ਕਰ ਦਿੱਤੀ ਗਈ। ਇਹ ਹਾਦਸਾ ਚਿਨਾਬ ਨਦੀ ‘ਤੇ ਬਣਾਏ ਜਾ ਰਹੇ 850 ਮੈਗਾਵਾਟ ਦੇ ਬਿਜਲੀ ਪ੍ਰਾਜੈਕਟ ਦੇ ਸਥਾਨ ਦਰਾਬਸ਼ਾਲਾ ਦੇ ਰਤਲੇ ਵਿਖੇ ਦੇਰ ਸ਼ਾਮ ਵਾਪਰਿਆ। ਪ੍ਰੋਜੈਕਟ ਦਾ ਕੰਮ ਇਸੇ ਸਾਲ ਸ਼ੁਰੂ ਕੀਤਾ ਗਿਆ ਹੈ।