ਮਨੀ ਲਾਂਡਰਿੰਗ ਕੇਸ ਵਿੱਚ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਕੇਸ ਵਿੱਚ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ੀ ਹੈ। ਅਦਾਕਾਰਾ ਪਟਿਆਲਾ ਹਾਊਸ ਕੋਰਟ ਪਹੁੰਚ ਗਈ ਹੈ। ਇਹ ਪੂਰਾ ਮਾਮਲਾ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ ਹੈ। ਸੁਕੇਸ਼ ਇਸ ਸਮੇਂ ਧੋਖਾਧੜੀ ਦੇ ਦੋਸ਼ ‘ਚ ਤਿਹਾੜ ਜੇਲ੍ਹ ‘ਚ ਬੰਦ ਹੈ। ਅਦਾਲਤ ਵਿੱਚ ਜੈਕਲੀਨ ਵਲੋਂ ਵਕੀਲ ਪ੍ਰਸ਼ਾਂਤ ਪਾਟਿਲ ਅਤੇ ਸ਼ਕਤੀ ਪਾਂਡੇ ਦਲੀਲਾਂ ਪੇਸ਼ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਜੈਕਲੀਨ ਫਰਨਾਂਡੀਜ਼ ‘ਤੇ ਦੋਸ਼ ਤੈਅ ਕਰਨ ਨੂੰ ਲੈ ਕੇ ਅੱਜ ਬਹਿਸ ਹੋਵੇਗੀ।
ਇਸ ਤੋਂ ਪਹਿਲਾਂ ਨਵੰਬਰ ‘ਚ ਦਿੱਲੀ ਦੀ ਅਦਾਲਤ ਨੇ ਜੈਕਲੀਨ ਫਰਨਾਂਡੀਜ਼ ਨੂੰ ਇਹ ਕਹਿੰਦੇ ਹੋਏ ਜ਼ਮਾਨਤ ਦਿੱਤੀ ਸੀ ਕਿ ਜਾਂਚ ਦੌਰਾਨ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਇਸ ਲਈ ਜ਼ਮਾਨਤਯੋਗ ਮਾਮਲਾ ਬਣਾਇਆ ਗਿਆ ਹੈ। ਇਸ ਤੋਂ ਬਾਅਦ ਇਸਤਗਾਸਾ ਪੱਖ ਨੇ ਦੋਸ਼ਾਂ ‘ਤੇ ਬਹਿਸ ਕਰਨ ਲਈ ਸਮਾਂ ਮੰਗਿਆ। ਇਸ ‘ਤੇ 24 ਨਵੰਬਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਮਾਮਲੇ ਦੀ ਬਹਿਸ 12 ਦਸੰਬਰ ਤਕ ਮੁਲਤਵੀ ਕਰ ਦਿੱਤੀ ਸੀ।
ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਨੇ ਅਦਾਕਾਰਾ ਨੂੰ 2 ਲੱਖ ਰੁਪਏ ਦੇ ਨਿੱਜੀ ਮੁਚੱਲਕੇ ‘ਤੇ ਇਸ ਸ਼ਰਤ ਨਾਲ ਰਾਹਤ ਦਿੱਤੀ ਕਿ ਉਹ ਅਦਾਲਤ ਦੀ ਅਗਾਊਂ ਇਜਾਜ਼ਤ ਤੋਂ ਬਿਨਾਂ ਦੇਸ਼ ਨਹੀਂ ਛੱਡੇਗੀ। ਇਸ ਤੋਂ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਕਈ ਵਾਰ ਅਦਾਕਾਰਾ ਤੋਂ ਪੁੱਛਗਿੱਛ ਕਰ ਚੁੱਕੀ ਹੈ।
ਜੈਕਲੀਨ ਫਰਨਾਂਡੀਜ਼ ਨੂੰ ਪਹਿਲੀ ਵਾਰ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। ਈਡੀ ਨੇ ਆਪਣੀ ਰਿਪੋਰਟ ‘ਚ ਦੋਸ਼ ਲਗਾਇਆ ਹੈ ਕਿ ਜੇਲ੍ਹ ‘ਚ ਬੰਦ ਚੰਦਰਸ਼ੇਖਰ ਨੇ ਕਈ ਹਾਈ-ਪ੍ਰੋਫਾਈਲ ਲੋਕਾਂ ਨਾਲ ਧੋਖਾ ਕੀਤਾ ਅਤੇ ਅਦਾਕਾਰਾ ‘ਤੇ ਰਕਮ ਲੁੱਟਾਈ। ਇਸ ਤਰ੍ਹਾਂ ਇਹ ਮਨੀ ਲਾਂਡਰਿੰਗ ਦਾ ਮਾਮਲਾ ਮੰਨਿਆ ਜਾਂਦਾ ਹੈ।