ਅਮਰੀਕਾ ‘ਚ ਇੱਕ ਵਾਰ ਫਿਰ ਤੋਂ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਦੇ ਟੈਕਸਾਸ ਦੇ ਯੂਵਾਲਡੇ ਦੇ ਰੌਬ ਐਲੀਮੈਂਟਰੀ ਸਕੂਲ ਵਿੱਚ ਇੱਕ 19 ਸਾਲਾ ਨੌਜਵਾਨ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਹਮਲੇ ਵਿੱਚ 19 ਵਿਦਿਆਰਥੀਆਂ ਅਤੇ 3 ਅਧਿਆਪਕਾਂ ਦੀ ਮੌਤ ਹੋ ਗਈ ਸੀ। ਗੋਲੀਬਾਰੀ ‘ਚ 13 ਬੱਚੇ, ਸਕੂਲ ਸਟਾਫ਼ ਮੈਂਬਰ ਅਤੇ ਕੁਝ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਹੁਣ ਤੱਕ ਦੀ ਰਿਪੋਰਟ ਮੁਤਾਬਕ ਮਰਨ ਵਾਲੇ ਬੱਚਿਆਂ ਦੀ ਉਮਰ 7 ਤੋਂ 10 ਸਾਲ ਦੇ ਵਿਚਕਾਰ ਸੀ। ਇਹ ਸਾਰੇ ਗ੍ਰੇਡ-2, 3 ਅਤੇ 4 ਦੇ ਵਿਦਿਆਰਥੀ ਸਨ। ਅਮਰੀਕੀ ਅਧਿਕਾਰੀਆਂ ਮੁਤਾਬਕ ਸ਼ੱਕੀ ਹਮਲਾਵਰ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਪੁਲਿਸ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਟੈਕਸਾਸ ਸਟੇਟ ਦੇ ਗਵਰਨਰ ਗਰਿਗ ਐਬਟ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਇਸ ਘਟਨਾ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਇਸ ਸਬੰਧੀ ਸੀਨੇਟਰ ਰੋਲੈਂਡ ਗੁਟਿਰੇਜ ਨੇ ਟੈਕਸਾਸ ਦੇ ਜਨਤਕ ਸੁਰੱਖਿਆ ਵਿਭਾਗ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਟੈਕਸਾਸ ‘ਚ ਇਕ ਸਕੂਲ ‘ਚ ਫਾਇਰਿੰਗ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 21 ਹੋ ਗਈ ਹੈ, ਜਿਨ੍ਹਾਂ ‘ਚ 19 ਬੱਚੇ ਸ਼ਾਮਲ ਸਨ।
ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਸੈਨ ਐਂਟੋਨੀਓ ਦਾ ਰਹਿਣ ਵਾਲਾ ਸੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਨੂੰ ਗੋਲੀਬਾਰੀ ਦੀ ਸੂਚਨਾ ਦੇ ਦਿੱਤੀ ਗਈ ਹੈ।
ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਕਿ ਰਾਬ ਐਲੀਮੈਂਟਰੀ ਸਕੂਲ ਦੀ ਘਟਨਾ ਕਾਫ਼ੀ ਦੁਖ਼ਦ ਹੈ। ਰਾਬ ਐਲੀਮੈਂਟਰੀ ਸਕੂਲ ‘ਚ ਗੋਲੀਬਾਰੀ ਦੌਰਾਨ ਮਾਰੇ ਗਏ ਲੋਕਾਂ ਦੇ ਸਨਮਾਨ ‘ਚ ਸਾਰੀ ਫ਼ੌਜ ਅਤੇ ਨੌਸੇਨਾ ਦੇ ਜਹਾਜ਼ਾਂ, ਸਟੇਸ਼ਨਾਂ ਸਮੇਤ ਵਿਦੇਸ਼ਾਂ ‘ਚ ਸਾਰੀਆਂ ਅਮਰੀਕੀ ਅੰਬੈਸੀਆਂ ਅਤੇ ਹੋਰ ਦਫ਼ਤਰਾਂ ‘ਚ 28 ਮਈ ਤੱਕ ਸੂਰਜ ਛੁਪਣ ਤੱਕ ਝੰਡਾ ਅੱਧਾ ਝੁਕਿਆ ਰਹੇਗਾ।
ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਮੈਂ ਇਹ ਸਭ ਦੇਖ ਕੇ ਥੱਕ ਗਿਆ ਹਾਂ। ਮੈਂ ਸਾਰੇ ਮਾਪਿਆਂ ਅਤੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਹ ਕੁਝ ਕਰਨ ਦਾ ਸਮਾਂ ਹੈ। ਅਸੀਂ ਇਸਨੂੰ ਭੁੱਲ ਨਹੀਂ ਸਕਦੇ। ਇਸ ਦੇ ਲਈ ਸਾਨੂੰ ਕੁੱਝ ਕਰਨਾ ਪਵੇਗਾ। ਇਸ ਮੌਕੇ ਬਾਈਡਨ ਨੇ ਕਿਹਾ ਕਿ ਗਨ ਮਾਰਕਿਟ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇੱਕ ਰਾਸ਼ਟਰ ਹੋਣ ਦੇ ਨਾਤੇ, ਸਾਨੂੰ ਰੱਬ ਦੇ ਨਾਮ ਤੇ ਪੁੱਛਣਾ ਪਵੇਗਾ ਕਿ ਅਸੀਂ ਬੰਦੂਕ ਦੀ ਲਾਬੀ ਦੇ ਵਿਰੁੱਧ ਕਦੋਂ ਖੜੇ ਹੋਵਾਂਗੇ ਅਤੇ ਸਾਨੂੰ ਕੀ ਕਰਨ ਦੀ ਲੋੜ ਹੈ? ਮਾਪੇ ਆਪਣੇ ਬੱਚਿਆਂ ਨੂੰ ਦੁਬਾਰਾ ਕਦੇ ਨਹੀਂ ਦੇਖ ਸਕਣਗੇ।
ਜੋ ਬਾਈਡਨ ਨੇ ਕਿਹਾ ਕਿ ਇਹ ਸਭ ਮਾਸੂਮ ਬੱਚਿਆਂ ਨਾਲ ਹੋਇਆ ਹੈ। ਇਹ ਬੱਚੇ ਤੀਜੀ ਅਤੇ ਚੌਥੀ ਜਮਾਤ ਵਿੱਚ ਪੜ੍ਹਦੇ ਸਨ। ਇਨ੍ਹਾਂ ਵਿੱਚੋਂ ਕਈ ਬੱਚਿਆਂ ਨੇ ਆਪਣੇ ਦੋਸਤਾਂ ਨੂੰ ਮਰਦੇ ਦੇਖਿਆ ਹੈ। ਅੱਜ ਰਾਤ ਬਹੁਤ ਸਾਰੇ ਮਾਪੇ ਹਨ ਜੋ ਆਪਣੇ ਬੱਚਿਆਂ ਨੂੰ ਦੁਬਾਰਾ ਕਦੇ ਨਹੀਂ ਦੇਖਣਗੇ। ਇੱਕ ਬੱਚੇ ਨੂੰ ਗੁਆਉਣਾ ਤੁਹਾਡੇ ਸਰੀਰ ਦੇ ਇੱਕ ਹਿੱਸੇ ਨੂੰ ਕੱਟਣ ਵਾਂਗ ਹੈ।