ਦੱਖਣੀ ਚੀਨ ਵਿੱਚ ਮੀਂਹ ਅਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਇੱਥੇ ਭਾਰੀ ਮੀਂਹ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਦੱਖਣ-ਪੱਛਮੀ ਚੀਨ ‘ਚ ਕਰੀਬ 1,200 ਕਿਲੋਮੀਟਰ ਦੂਰ ਯੂਨਾਨ ਸੂਬੇ ‘ਚ ਵੀ ਤਿੰਨ ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਕਈ ਇਲਾਕਿਆਂ ‘ਚ ਹੜ੍ਹ ਆ ਗਿਆ। ਇਸ ਦੇ ਨਾਲ ਹੀ ਚੀਨ ਦੇ ਪੂਰਬੀ ਤੱਟ ਨੇੜੇ ਫੁਜਿਆਨ ਵਿੱਚ ਇੱਕ ਫੈਕਟਰੀ ਹੜ੍ਹ ਕਾਰਨ ਢਹਿ ਗਈ। ਇੱਥੇ ਬਚਾਅ ਟੀਮ ਨੂੰ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਜ਼ਮੀਨ ਖਿਸਕਣ ਦੀ ਘਟਨਾ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 3 ਹੋਰ ਲੋਕਾਂ ਨੂੰ ਮਲਬੇ ‘ਚੋਂ ਬਾਹਰ ਕੱਢਿਆ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਸ਼ਿਨਚੇਂਗ ‘ਚ ਹੜ੍ਹ ‘ਚ ਤਿੰਨ ਬੱਚੇ ਵਹਿ ਗਏ। 2 ਦੀ ਮੌਤ ਹੋ ਗਈ ਅਤੇ ਇੱਕ ਬੱਚੇ ਨੂੰ ਬਚਾ ਲਿਆ ਗਿਆ। ਤੂਫਾਨ ਕਾਰਨ ਯੂਨਾਨ ਦੀ ਕਿਊਬੇਈ ਕਾਉਂਟੀ ਵਿੱਚ ਸੜਕਾਂ ਅਤੇ ਪੁਲ ਰੁੜ੍ਹ ਗਏ ਹਨ। ਸੰਚਾਰ ਲਾਈਨਾਂ ਟੁੱਟ ਗਈਆਂ। ਕਈ ਇਲਾਕਿਆਂ ਵਿੱਚ ਬਿਜਲੀ ਚਲੀ ਗਈ। ਕਿਊਬੇਈ ਕਾਉਂਟੀ ਚੀਨ-ਵੀਅਤਨਾਮ ਸਰਹੱਦ ਦੇ ਉੱਤਰ ਵਿੱਚ ਲਗਭਗ 130 ਕਿਲੋਮੀਟਰ ਦੂਰ ਹੈ।