ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿੱਤਰ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਹ ਪੁਰਸਕਾਰ ਗੈਰ-ਨਾਗਰਿਕਾਂ ਲਈ ਸ਼੍ਰੀਲੰਕਾ ਦਾ ਸਭ ਤੋਂ ਵੱਡਾ ਸਨਮਾਨ ਹੈ। ਇਹ ਵਿਦੇਸ਼ੀ ਵਿਅਕਤੀਆਂ ਨੂੰ ਸ਼੍ਰੀਲੰਕਾ ਨਾਲ ਦੋਸਤਾਨਾ ਸਬੰਧਾਂ ਨੂੰ ਉਤਸ਼ਾਹਿਤ ਕਰਨ, ਸੱਭਿਆਚਾਰਕ, ਰਾਜਨੀਤਿਕ ਜਾਂ ਸਮਾਜਿਕ ਖੇਤਰਾਂ ਵਿੱਚ ਸਹਿਯੋਗ ਵਧਾਉਣ ਜਾਂ ਸ਼੍ਰੀਲੰਕਾ ਦੇ ਸਮਾਜ ਦੀ ਭਲਾਈ ਵਿੱਚ ਯੋਗਦਾਨ ਪਾਉਣ ਲਈ ਦਿੱਤਾ ਜਾਂਦਾ ਹੈ।
ਇਸ ਮੌਕੇ ‘ਤੇ ਪੀਐਮ ਮੋਦੀ ਨੇ ਕਿਹਾ, “ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕ ਦੁਆਰਾ ਅੱਜ ਸ਼੍ਰੀਲੰਕਾ ਮਿੱਤਰ ਵਿਭੂਸ਼ਣ ਨਾਲ ਸਨਮਾਨਿਤ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਇਹ ਸਿਰਫ ਮੇਰਾ ਹੀ ਨਹੀਂ, ਸਗੋਂ 140 ਕਰੋੜ ਭਾਰਤੀਆਂ ਲਈ ਸਨਮਾਨ ਹੈ। ਇਹ ਭਾਰਤ ਅਤੇ ਸ਼੍ਰੀਲੰਕਾ ਦੇ ਇਤਿਹਾਸਕ ਸਬੰਧਾਂ ਅਤੇ ਡੂੰਘੀ ਦੋਸਤੀ ਦਾ ਸਨਮਾਨ ਹੈ। ਮੈਂ ਇਸ ਸਨਮਾਨ ਲਈ ਰਾਸ਼ਟਰਪਤੀ, ਸ਼੍ਰੀਲੰਕਾ ਸਰਕਾਰ ਅਤੇ ਸ਼੍ਰੀਲੰਕਾ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਪ੍ਰਧਾਨ ਮੰਤਰੀ ਦੇ ਤੌਰ ‘ਤੇ ਇਹ ਮੇਰੀ ਸ਼੍ਰੀਲੰਕਾ ਦੀ ਚੌਥੀ ਯਾਤਰਾ ਹੈ। 2019 ‘ਚ ਮੇਰੀ ਪਿਛਲੀ ਯਾਤਰਾ ਬਹੁਤ ਹੀ ਸੰਵੇਦਨਸ਼ੀਲ ਸਮੇਂ ‘ਤੇ ਆਈ ਸੀ। ਉਸ ਸਮੇਂ ਮੈਨੂੰ ਭਰੋਸਾ ਸੀ ਕਿ ਸ਼੍ਰੀਲੰਕਾ ਉਭਰੇਗਾ ਅਤੇ ਮਜ਼ਬੂਤ ਹੋਵੇਗਾ। ਮੈਂ ਸ਼੍ਰੀਲੰਕਾ ਦੇ ਲੋਕਾਂ ਦੇ ਸਬਰ ਅਤੇ ਸਾਹਸ ਦੀ ਸ਼ਲਾਘਾ ਕਰਦਾ ਹਾਂ। ਅੱਜ ਮੈਂ ਸ਼੍ਰੀਲੰਕਾ ਨੂੰ ਮੁੜ ਤਰੱਕੀ ਦੇ ਰਾਹ ‘ਤੇ ਦੇਖ ਕੇ ਖੁਸ਼ ਹਾਂ। ਭਾਰਤ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਸੀਂ ਇੱਕ ਸੱਚੇ ਗੁਆਂਢੀ ਅਤੇ ਦੋਸਤ ਵਜੋਂ ਆਪਣੇ ਫਰਜ਼ ਨਿਭਾਏ ਹਨ।









