
ਨਵੀਂ ਦਿੱਲੀ, 22 ਮਈ 2025 – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਬੁੱਧਵਾਰ ਨੂੰ ਇਸਲਾਮਾਬਾਦ ਵਿੱਚ ਮੀਡੀਆ ਨੂੰ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਗੱਲਬਾਤ ਯੂਏਈ ਜਾਂ ਸਾਊਦੀ ਅਰਬ ਵਿੱਚ ਹੋ ਸਕਦੀ ਹੈ। ਇਸ ਵਿੱਚ ਅਮਰੀਕਾ ਵਿਚੋਲੇ ਦੀ ਭੂਮਿਕਾ ਨਿਭਾਏਗਾ।
ਉਨ੍ਹਾਂ ਇੱਕ ਵਾਰ ਫਿਰ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਜੰਗਬੰਦੀ ਦੀ ਮੰਗ ਨਹੀਂ ਕੀਤੀ ਸੀ। ਜੇ ਪਾਕਿਸਤਾਨ ਨੇ ਅਜਿਹਾ ਕੀਤਾ ਹੁੰਦਾ ਤਾਂ ਪੂਰੀ ਦੁਨੀਆ ਨੂੰ ਪਤਾ ਲੱਗ ਜਾਂਦਾ।
ਸ਼ਰੀਫ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ (ਡੀਜੀਐਮਓ) ਵਿਚਕਾਰ ਹੋਈ ਗੱਲਬਾਤ ਵਿੱਚ, ਇਸ ਗੱਲ ‘ਤੇ ਸਹਿਮਤੀ ਬਣੀ ਕਿ ਦੋਵਾਂ ਦੇਸ਼ਾਂ ਦੀਆਂ ਫੌਜਾਂ 7 ਮਈ ਨੂੰ ਟਕਰਾਅ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਸਥਿਤੀਆਂ ‘ਤੇ ਵਾਪਸ ਆ ਜਾਣਗੀਆਂ ਜਿੱਥੇ ਉਹ ਸਨ।
ਜਦੋਂ ਸ਼ਰੀਫ ਤੋਂ ਪੁੱਛਿਆ ਗਿਆ ਕਿ ਕੀ ਟਕਰਾਅ ਦੌਰਾਨ ਇਜ਼ਰਾਈਲੀ ਕਰਮਚਾਰੀ ਭਾਰਤ ਵਿੱਚ ਮੌਜੂਦ ਸਨ, ਤਾਂ ਸ਼ਰੀਫ ਨੇ ਕਿਹਾ – ਅਜਿਹੀਆਂ ਰਿਪੋਰਟਾਂ ਹਨ ਕਿ ਇਜ਼ਰਾਈਲੀ ਭਾਰਤ ਵਿੱਚ ਸਨ। ਯੁੱਧ ਦੌਰਾਨ ਇਜ਼ਰਾਈਲ ਨੇ ਭਾਰਤ ਨੂੰ ਬਹੁਤ ਮਦਦ ਦਿੱਤੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 10 ਮਈ ਤੋਂ 17 ਮਈ ਦਰਮਿਆਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਅਤੇ ਵਿਚੋਲਗੀ ਬਾਰੇ 6 ਵਾਰ ਬਿਆਨ ਦਿੱਤੇ ਹਨ।