ਕਾਸ਼ ਪਟੇਲ ਨੇ ਗੀਤਾ ‘ਤੇ ਹੱਥ ਰੱਖ ਕੇ FBI ਡਾਇਰੈਕਟਰ ਵਜੋਂ ਚੁੱਕੀ ਸਹੁੰ, ਟਰੰਪ ਨੇ ਪਟੇਲ ਦੀ ਕੀਤੀ ਰੱਜ ਕੇ ਤਾਰੀਫ!
ਭਾਰਤੀ-ਅਮਰੀਕੀ ਕਾਸ਼ ਪਟੇਲ ਅਧਿਕਾਰਤ ਤੌਰ ‘ਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਦੇ ਨੌਵੇਂ ਡਾਇਰੈਕਟਰ ਬਣ ਗਏ ਹਨ। ਵਾਸ਼ਿੰਗਟਨ ਡੀਸੀ ‘ਚ ਉਨ੍ਹਾਂ ਨੇ ਭਗਵਦ ਗੀਤਾ ‘ਤੇ ਹੱਥ ਰੱਖ ਕੇ ਸਹੁੰ ਚੁੱਕੀ। ਅਮਰੀਕਾ ਦੇ ਅਟਾਰਨੀ ਜਨਰਲ ਪਾਮ ਬੋਂਡੀ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ।
ਪਟੇਲ ਨੇ ਕੀਤੀ ਅਮਰੀਕਾ ਦੀ ਤਾਰੀਫ
ਸਹੁੰ ਚੁੱਕਣ ਤੋਂ ਬਾਅਦ ਪਟੇਲ ਨੇ ਅਮਰੀਕਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਕਿਸੇ ਹੋਰ ਦੇਸ਼ ਵਿਚ ਉਨ੍ਹਾਂ ਦਾ ਇਹ ਸੁਪਨਾ ਸ਼ਾਇਦ ਹੀ ਸਾਕਾਰ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ‘ਅਮਰੀਕਨ ਡ੍ਰੀਮ’ ਖਤਮ ਹੋ ਗਿਆ ਹੈ। ਪਰ ਉਨ੍ਹਾਂ ਨੂੰ ਇਹ ਦੇਖਣ ਦੀ ਜ਼ਰੂਰਤ ਹੈ ਕਿ ਮੈਂ ਅਮਰੀਕੀ ਸੁਪਨੇ ਨੂੰ ਜੀ ਰਿਹਾ ਹਾਂ। ਪਟੇਲ ਨੇ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
ਟਰੰਪ ਨੇ ਪਟੇਲ ਦੀ ਕੀਤੀ ਤਾਰੀਫ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਟੇਲ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਐਫਬੀਆਈ ਦੇ ਸਰਵੋਤਮ ਨਿਰਦੇਸ਼ਕ ਸਾਬਤ ਹੋਣਗੇ। ਟਰੰਪ ਨੇ ਕਿਹਾ, “ਕਾਸ਼ ਪਟੇਲ ਨੂੰ ਇਸ ਅਹੁਦੇ ‘ਤੇ ਨਿਯੁਕਤ ਕਰਨ ਦਾ ਇਕ ਕਾਰਨ ਇਹ ਹੈ ਕਿ ਐਫਬੀਆਈ ਏਜੰਟ ਉਨ੍ਹਾਂ ਦਾ ਬਹੁਤ ਸਨਮਾਨ ਕਰਦੇ ਹਨ। ਉਹ ਇਸ ਅਹੁਦੇ ‘ਤੇ ਸਭ ਤੋਂ ਵਧੀਆ ਸਾਬਤ ਹੋਣਗੇ। ਉਹ ਇੱਕ ਸਖ਼ਤ ਅਤੇ ਬਹੁਤ ਮਜ਼ਬੂਤ ਵਿਅਕਤੀ ਹੈ।”