ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ, ਜੇਡੀ ਵੈਂਸ ਨੇ ਉਪ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ
ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣ ਗਏ ਹਨ। ਉਨ੍ਹਾਂ ਨੇ ਸੋਮਵਾਰ ਰਾਤ ਭਾਰਤੀ ਸਮੇਂ ਅਨੁਸਾਰ 10:30 ਵਜੇ ਅਮਰੀਕੀ ਸੰਸਦ ਕੈਪੀਟਲ ਹਿੱਲ ਵਿਖੇ ਅਹੁਦੇ ਦੀ ਸਹੁੰ ਚੁੱਕੀ। ਸੁਪਰੀਮ ਕੋਰਟ ਦੇ ਜੱਜ ਜੌਨ ਰੌਬਰਟਸ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਸਹੁੰ ਚੁੱਕਣ ਤੋਂ ਬਾਅਦ ਸੰਸਦ ਦਾ ਕੈਪੀਟਲ ਰੋਟੁੰਡਾ ਹਾਲ ਕੁਝ ਦੇਰ ਤਾੜੀਆਂ ਨਾਲ ਗੂੰਜਦਾ ਰਿਹਾ। ਉਹ 2017 ਤੋਂ 2021 ਤੱਕ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਸਨ। ਦੱਸ ਦਈਏ ਕਿ ਜੇਡੀ ਵੈਂਸ ਨੇ ਸੰਯੁਕਤ ਰਾਜ ਦੇ 50ਵੇਂ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।
ਮੰਗਲ ਗ੍ਰਹਿ ਤੇ ਲਹਿਰਾਉਣਗੇ ਝੰਡਾ
ਟਰੰਪ ਦੇ ਸਹੁੰ ਚੁੱਕ ਸਮਾਗਮ ਵਿੱਚ ਕਾਂਗਰਸ (ਅਮਰੀਕੀ ਸੰਸਦ) ਮੈਂਬਰ, ਸੁਪਰੀਮ ਕੋਰਟ ਦੇ ਜੱਜਾਂ, ਟਰੰਪ ਪਰਿਵਾਰ, ਉਸ ਦੀ ਭਵਿੱਖੀ ਕੈਬਨਿਟ ਦੇ ਮੈਂਬਰਾਂ ਅਤੇ ਕਈ ਤਕਨੀਕੀ ਸੀਈਓਜ਼ ਨੇ ਸ਼ਿਰਕਤ ਕੀਤੀ, ਜੋ 40 ਸਾਲਾਂ ਵਿੱਚ ਪਹਿਲੀ ਵਾਰ ਕੈਪੀਟਲ ਰੋਟੁੰਡਾ ਦੇ ਅੰਦਰ ਆਯੋਜਿਤ ਕੀਤਾ ਗਿਆ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲੋਨ ਮਸਕ ਦੀ ਮੌਜੂਦਗੀ ‘ਚ ਕਿਹਾ ਕਿ ਅਮਰੀਕੀ ਪੁਲਾੜ ਯਾਤਰੀ ਮੰਗਲ ਗ੍ਰਹਿ ਦੀ ਯਾਤਰਾ ਕਰਨਗੇ ਅਤੇ ਸਤ੍ਹਾ ‘ਤੇ ਅਮਰੀਕੀ ਝੰਡਾ ਲਗਾਉਣਗੇ।
ਮੇਰੀ ਜਾਨ ਇੱਕ ਕਾਰਨ ਕਰਕੇ ਬਚੀ: ਟ੍ਰੰਪ
ਰਾਸ਼ਟਰਪਤੀ ਨੇ ਆਪਣੇ 30 ਮਿੰਟ ਦੇ ਭਾਸ਼ਣ ਵਿੱਚ ਕਿਹਾ, “ਅੱਜ ਤੋਂ ਸਾਡਾ ਦੇਸ਼ ਖੁਸ਼ਹਾਲ ਹੋਵੇਗਾ ਅਤੇ ਦੁਨੀਆ ਭਰ ਵਿੱਚ ਇਸਦਾ ਸਨਮਾਨ ਵਧੇਗਾ।” ਆਪਣੇ ਭਾਸ਼ਣ ਦੌਰਾਨ ਟਰੰਪ ਨੇ ਕਿਹਾ ਕਿ ਉਹ ਦੱਖਣੀ ਸਰਹੱਦ ‘ਤੇ ਐਮਰਜੈਂਸੀ ਦਾ ਐਲਾਨ ਕਰਨਗੇ। ਰਾਸ਼ਟਰਪਤੀ ਟਰੰਪ ਨੇ ਇਹ ਵੀ ਕਿਹਾ, “ਮੇਰੀ ਜਾਨ ਇੱਕ ਕਾਰਨ ਕਰਕੇ ਬਚੀ ਹੈ। ਮੈਨੂੰ ਰੱਬ ਨੇ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣ ਲਈ ਬਚਾਇਆ ਸੀ।” ਟਰੰਪ ਇਮੀਗ੍ਰੇਸ਼ਨ, ਊਰਜਾ, ਵਪਾਰ, ਵਿਭਿੰਨਤਾ ਨੀਤੀਆਂ ਅਤੇ ਹੋਰ ਮੁੱਦਿਆਂ ‘ਤੇ ਡੈਮੋਕਰੇਟਿਕ ਨੀਤੀਆਂ ਨੂੰ ਵਾਪਸ ਲੈਣ ਲਈ ਕਈ ਕਾਰਜਕਾਰੀ ਕਾਰਵਾਈਆਂ ਕਰ ਸਕਦੇ ਹਨ।