ਮੈਕਸੀਕੋ ਵਿਚ ਤੂਫ਼ਾਨ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। ਜਾਣਕਾਰੀ ਅਨੁਸਾਰ ਦੱਖਣੀ ਮੈਕਸੀਕੋ ਵਿਚ ਤੂਫ਼ਾਨ ‘ਅਗਾਥਾ ਕਾਰਨ ਆਏ ਹੜ੍ਹ ਅਤੇ ਜ਼ਮੀਨ ਖ਼ਿਸਕਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 20 ਅਜੇ ਵੀ ਲਾਪਤਾ ਹਨ। ਦੱਖਣੀ ਸ਼ਹਿਰ ਓਕਸਾਕਾ ਦੇ ਗਵਰਨਰ ਨੇ ਇਹ ਜਾਣਕਾਰੀ ਦਿੱਤੀ। ਓਕਸਾਕਾ ਦੇ ਗਵਰਨਰ ਅਲੇਜਾਂਦਰੋ ਮੂਰਾਤ ਨੇ ਦੱਸਿਆ ਕਿ ਹੜ੍ਹ ਕਾਰਨ ਕਈ ਮਕਾਨ ਰੁੜ ਗਏ, ਜਦੋਂਕਿ ਕਈ ਲੋਕ ਦਲਦਲ ਅਤੇ ਚੱਟਾਨਾਂ ਦੇ ਮਲਬੇ ਹੇਠਾਂ ਦੱਬੇ ਗਏ।
ਉਨ੍ਹਾਂ ਨੇ ਸਥਾਨਕ ਮੀਡੀਆ ਨੂੰ ਕਿਹਾ, ‘ਲੋਕਾਂ ਦੀ ਮੌਤ ਹੜ੍ਹ ਅਤੇ ਜ਼ਮੀਨ ਖ਼ਿਸਕਣ ਕਾਰਨ ਹੋਈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜਾਨ ਗਵਾਉਣ ਵਾਲੇ ਜ਼ਿਆਦਾਤਰ ਲੋਕ ਪਹਾੜੀ ਇਲਾਕਿਆਂ ਦੇ ਕਈ ਛੋਟੇ ਸ਼ਹਿਰਾਂ ਤੋਂ ਸਨ, ਜਦੋਂਕਿ ਇੱਕ ਰਿਜ਼ੋਰਟ ਨੇੜੇ 3 ਬੱਚਿਆਂ ਦੇ ਲਾਪਤਾ ਹੋਣ ਦੀ ਖ਼ਬਰ ਵੀ ਹੈ। ‘ਅਗਾਥਾ’ ਦੇ ਪ੍ਰਭਾਵ ਦੇ ਚੱਲਦੇ 105 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਹਾਲਾਂਕਿ ਹੁਣ ਉਹ ਕਮਜ਼ੋਰ ਪੈ ਗਿਆ ਅਤੇ ਵੇਰਾਕਰੂਜ਼ ਸੂਬੇ ਵੱਲ ਵੱਧ ਗਿਆ।