ਪੈਗੰਬਰ ਮੁਹੰਮਦ ‘ਤੇ ਵਿਵਾਦਿਤ ਟਿੱਪਣੀ ਦੇ ਖਿਲਾਫ ਕੁਵੈਤ ਦੇ ਫਹੀਲ ਇਲਾਕੇ ‘ਚ ਭਾਰੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਕੁਵੈਤ ਸਰਕਾਰ ਨੇ ਸਖਤ ਕਾਰਵਾਈ ਕਰਦੇ ਹੋਏ ਪੈਗੰਬਰ ਦੇ ਸਮਰਥਨ ‘ਚ ਨਾਅਰੇਬਾਜ਼ੀ ਕਰਨ ਵਾਲੇ ਪ੍ਰਵਾਸੀ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਕੁਵੈਤ ਵਾਪਸ ਆਉਣ ‘ਤੇ ਵੀ ਪਾਬੰਦੀ ਲਗਾ ਦਿੱਤੀ ਜਾਵੇਗੀ।
ਮੀਡੀਆ ਰਿਪੋਰਟ ਅਨੁਸਾਰ ਫਹੀਲ ‘ਚ ਪ੍ਰਵਾਸੀਆਂ ਨੇ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਨੂਪੁਰ ਸ਼ਰਮਾ ਖਿਲਾਫ ਪ੍ਰਦਰਸ਼ਨ ਕੀਤਾ। ਇਸ ਨਾਲ ਕੁਵੈਤ ਸਰਕਾਰ ਨਾਰਾਜ਼ ਹੋ ਗਈ। ਇਸ ਨੂੰ ਕੁਵੈਤੀ ਕਾਨੂੰਨ ਦੀ ਸਿੱਧੀ ਉਲੰਘਣਾ ਮੰਨਿਆ ਜਾ ਰਿਹਾ ਹੈ।
ਨੂਪੁਰ ਸ਼ਰਮਾ ਦੇ ਬਿਆਨ ‘ਤੇ ਹੰਗਾਮਾ
ਅਸਲ ‘ਚ ਭਾਰਤ ‘ਚ ਭਾਰਤੀ ਜਨਤਾ ਪਾਰਟੀ ਦੀ ਸਾਬਕਾ ਬੁਲਾਰਾ ਨੂਪੁਰ ਸ਼ਰਮਾ ਨੇ ਕਰੀਬ 10 ਦਿਨ ਪਹਿਲਾਂ ਇਕ ਟੀਵੀ ਚੈਨਲ ‘ਤੇ ਬਹਿਸ ਦੌਰਾਨ ਪੈਗੰਬਰ ਮੁਹੰਮਦ ‘ਤੇ ਕਥਿਤ ਤੌਰ ‘ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਮਾਮਲਾ ਜ਼ੋਰ ਫੜ ਗਿਆ ਅਤੇ ਇਸਲਾਮਿਕ ਦੇਸ਼ਾਂ ਨੇ ਇਸ ਦੀ ਨਿੰਦਾ ਕੀਤੀ। ਇੱਕ ਹਫ਼ਤੇ ਤੋਂ ਕਈ ਦੇਸ਼ਾਂ ਵਿੱਚ ਨੂਪੁਰ ਖ਼ਿਲਾਫ਼ ਪ੍ਰਦਰਸ਼ਨ ਚੱਲ ਰਹੇ ਹਨ।