ਨਾਈਜੀਰੀਆ ਦੇ ਦੱਖਣ-ਪੱਛਮ ਵਿਚ ਐਤਵਾਰ ਨੂੰ ਇਕ ਚਰਚ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ, ਜਿਸ ਵਿਚ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਕੁਝ ਹਥਿਆਰਬੰਦ ਵਿਅਕਤੀ ਓਵੋ ਸ਼ਹਿਰ ਦੇ ਸੇਂਟ ਫਰਾਂਸਿਸ ਚਰਚ ਵਿਚ ਦਾਖਲ ਹੋਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਹਮਲਾਵਰਾਂ ਨੇ ਚਰਚ ਵਿੱਚ ਧਮਾਕਾ ਵੀ ਕੀਤਾ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ‘ਚ ਕਈ ਬੱਚੇ ਵੀ ਸ਼ਾਮਲ ਹਨ। ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਚਰਚ ਤੋਂ ਬਾਹਰ ਕੱਢ ਕੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਪ੍ਰਸ਼ਾਸਨ ਵੱਲੋਂ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਸਥਾਨਕ ਮੀਡੀਆ ਰਿਪੋਰਟਾਂ ਨੇ ਮਰਨ ਵਾਲਿਆਂ ਦੀ ਗਿਣਤੀ ਪੰਜਾਹ ਤੋਂ ਵੱਧ ਦੱਸੀ ਹੈ। ਇਹ ਹਮਲਾ ਕਿਸ ਨੇ ਅਤੇ ਕਿਉਂ ਕੀਤਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਇਹ ਘਟਨਾ ਸਥਾਨਕ ਸਮੇਂ ਅਨੁਸਾਰ ਰਾਤ ਕਰੀਬ 11:30 ਵਜੇ (ਭਾਰਤੀ ਸਮੇਂ ਅਨੁਸਾਰ ਸ਼ਾਮ 4:30 ਵਜੇ) ਵਾਪਰੀ। ਘਟਨਾ ਦੇ ਸਮੇਂ ਉੱਥੇ ਪ੍ਰਾਰਥਨਾ ਚੱਲ ਰਹੀ ਸੀ। ਜਨਤਕ ਪ੍ਰਤੀਨਿਧੀ ਅਡੇਲੇਗਬੇ ਟਿਮੀਲੇਨ ਨੇ ਕਿਹਾ ਕਿ ਹਮਲਾਵਰਾਂ ਨੇ ਪ੍ਰਾਰਥਨਾ ਕਰਵਾ ਰਹੇ ਵਿਅਕਤੀ ਨੂੰ ਅਗਵਾ ਕਰ ਲਿਆ ਸੀ। ਗਵਰਨਰ ਰੋਟੀਮੀ ਅਕੇਰੇਡੋਲੂ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।