ਦੇਸ਼ ਭਰ ‘ਚ ਮਨਾਇਆ ਜਾ ਰਿਹਾ ਅੰਤਰਰਾਸ਼ਟਰੀ ਯੋਗਾ ਦਿਵਸ , PM ਮੋਦੀ ਨੇ ਸ਼੍ਰੀਨਗਰ ਤੋਂ ਦੁਨੀਆ ਨੂੰ ਦਿੱਤਾ ਸੰਦੇਸ਼
ਯੋਗਾ ਕਰਨ ਨਾਲ ਜਿੱਥੇ ਸਰੀਰ ਤੰਦਰੁਸਤ ਰਹਿੰਦਾ ਹੈ ਉੱਥੇ ਹੀ ਮਨ ਵੀ ਚੁਸਤ ਰਹਿੰਦਾ ਹੈ ਜਿਸਦੇ ਚੱਲਦਿਆਂ ਅੱਜ ਦੇਸ਼ ਭਰ ‘ਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੌਕੇ ਸ੍ਰੀਨਗਰ ਵਿੱਚ ਹਨ। ਇਸ ਤੋਂ ਇਲਾਵਾ ਕਈ ਕੇਂਦਰੀ ਮੰਤਰੀ ਵੱਖ-ਵੱਖ ਥਾਵਾਂ ‘ਤੇ ਯੋਗ ਪ੍ਰੋਗਰਾਮਾਂ ‘ਚ ਹਿੱਸਾ ਲੈ ਰਹੇ ਹਨ। ਫੌਜ ਦੇ ਜਵਾਨਾਂ ਤੋਂ ਲੈ ਕੇ ਸਕੂਲੀ ਬੱਚਿਆਂ ਅਤੇ ਇੱਥੋਂ ਤੱਕ ਕਿ ਆਮ ਨਾਗਰਿਕਾਂ ਤੱਕ ਹਰ ਕੋਈ ਯੋਗ ਦਿਵਸ ਮਨਾ ਰਿਹਾ ਹੈ।
ਮੌਸਮ ਖਰਾਬ ਹੋਣ ਕਾਰਨ ਪ੍ਰੋਗਰਾਮ ਵਿੱਚ ਪਿਆ ਵਿਘਨ
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੀਨਗਰ ਵਿੱਚ ਯੋਗ ਦਿਵਸ ਮਨਾ ਰਹੇ ਹਨ। ਉਨ੍ਹਾਂ ਨੇ ਇੱਥੇ ਡਲ ਝੀਲ ਦੇ ਕੰਢੇ 7000 ਲੋਕਾਂ ਨਾਲ ਯੋਗਾ ਕਰਨਾ ਸੀ ਪਰ ਮੌਸਮ ਖਰਾਬ ਹੋਣ ਕਾਰਨ ਪ੍ਰੋਗਰਾਮ ਵਿੱਚ ਵਿਘਨ ਪੈ ਗਿਆ। ਪ੍ਰੋਗਰਾਮ ਨੂੰ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪੀਐਮ ਮੋਦੀ ਦਾ ਇੱਥੇ ਸੰਬੋਧਨ ਹੋਇਆ |
ਅੰਤਰਰਾਸ਼ਟਰੀ ਯੋਗ ਦਿਵਸ ਨੇ 10 ਸਾਲਾਂ ਦੀ ਇਤਿਹਾਸਕ ਯਾਤਰਾ ਕੀਤੀ ਪੂਰੀ
ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ, ‘ਅੰਤਰਰਾਸ਼ਟਰੀ ਯੋਗ ਦਿਵਸ ਨੇ 10 ਸਾਲਾਂ ਦੀ ਇਤਿਹਾਸਕ ਯਾਤਰਾ ਪੂਰੀ ਕੀਤੀ ਹੈ। 2014 ਵਿੱਚ, ਮੈਂ ਸੰਯੁਕਤ ਰਾਸ਼ਟਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦਾ ਪ੍ਰਸਤਾਵ ਕੀਤਾ। ਭਾਰਤ ਦੇ ਇਸ ਪ੍ਰਸਤਾਵ ਨੂੰ 177 ਦੇਸ਼ਾਂ ਨੇ ਸਮਰਥਨ ਦਿੱਤਾ ਅਤੇ ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਸੀ। ਉਦੋਂ ਤੋਂ ਹੀ ਯੋਗ ਦਿਵਸ ਲਗਾਤਾਰ ਨਵੇਂ ਰਿਕਾਰਡ ਬਣਾਉਂਦਾ ਜਾ ਰਿਹਾ ਹੈ। ਅੱਜ ਦੁਨੀਆ ਭਰ ਵਿੱਚ ਯੋਗਾ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਯੋਗਾ ਪ੍ਰਤੀ ਖਿੱਚ ਵਧ ਰਹੀ ਹੈ।