ਮਿਸ਼ਨ ਸੌ ਫੀਸਦੀ ਗਿਵ ਯੂਅਰ ਬੈਸਟ ਦੀ ਮੁੱਖ ਦਫ਼ਤਰ ਵਿਖੇ ਆਯੋਜਿਤ ਸਮੂਹ ਸਿੱਖਿਆ ਅਧਿਕਾਰੀਆਂ ਦੀ ਪਲੇਠੀ ਓਰੀਐਂਟੇਸ਼ਨ ਵਰਕਸ਼ਾਪ ਵਿੱਚ ਉਚੇਚੇ ਤੌਰ ‘ਤੇ ਪਹੁੰਚੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਮਿਸ਼ਨ 100 ਫੀਸਦੀ ਦੇ ਉਦੇਸ਼ ਅਤੇ ਇਸ ਨੂੰ ਸਕੂਲਾਂ ਵਿੱਚ ਪ੍ਰਭਾਵੀ ਢੰਗ ਨਾਲ ਚਲਾਏ ਜਾਣ ਲਈ ਹਰੇਕ ਸਿੱਖਿਆ ਅਧਿਕਾਰੀ ਅਤੇ ਅਧਿਆਪਕ ਮੈਂਟਰ ਦੀ ਭੂਮਿਕਾ ਨੂੰ ਬਹੁਤ ਹੀ ਮਹੱਤਵਪੁਰਨ ਦੱਸਦਿਆਂ ਕਿਹਾ ਕਿ ਵਿਦਿਆਰਥੀ ਨੂੰ ਸਾਲਾਨਾ ਇਮਤਿਹਾਨਾਂ ਵਿੱਚ ਸਫ਼ਲ ਬਣਾਉਣ ਦੇ ਨਾਲ ਨਾਲ ਉਹਨਾਂ ਦੇ ਚੰਗੇ ਅੰਕ ਆਉਣ ਅਤੇ ਉਹ ਵੀ ਵਧੀਆ ਤਿਆਰੀ ਕਰਕੇ ਆਉਣ ਇਹ ਇਸ ਮਿਸ਼ਨ ਦਾ ਅਸਲ ਉਦੇਸ਼ ਹੈ।
ਇਹ ਵੀ ਪੜ੍ਹੋ: ਗਰੁੱਪ ‘ਸੀ’ ਦੀ ਨੌਕਰੀ ਲਈ ਦੇਣਾ ਪਵੇਗਾ ਪੰਜਾਬੀ ਦਾ ਵੱਖਰਾ ਟੈਸਟ, ਨੋਟੀਫਿਕੇਸ਼ਨ ਜਾਰੀ
ਉਨ੍ਹਾਂ ਕਿਹਾ ਸਿੱਖਿਆ ਵਿਭਾਗ ਵਿੱਚ ਕੰਮ ਸੱਭਿਆਚਾਰ ਦਾ ਵਿਕਾਸ ਹੋਵੇਗਾ ਜਿਸ ਵਿੱਚ ਮਿਹਨਤੀ ਅਧਿਆਪਕਾਂ ਅਤੇ ਅਧਿਕਾਰੀਆਂ ਨੂੰ ਬਣਦਾ ਮਾਣ ਤਾਣ ਦਿੱਤਾ ਜਾਵੇਗਾ। ਵਿਦਿਆਰਥੀਆਂ ਨੂੰ ਮਿਹਨਤ ਕਰਨ ਦੀ ਚੇਟਕ ਲਗਾਉਣ ਲਈ ਅਧਿਆਪਕ ਹੀ ਵਧੀਆ ਮਿਸਾਲ ਹੈ ਜੋ ਕਿ ਉਸਦੇ ਸਾਹਮਣੇ ਖੁਦ ਇੱਕ ਚਾਨਣ ਮੁਨਾਰੇ ਵੱਜੋਂ ਵਿਚਰਦਾ ਹੈ। ਸਿੱਖਿਆ ਵਿਭਾਗ ਵੱਲੋਂ ਮਿਸ਼ਨ 100% ਲਈ ਮਾਈਕ੍ਰੋਯੋਜਨਾਬੰਦੀ ਕੀਤੀ ਜਾ ਰਹੀ ਹੈ ਜਿਸ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਹਰੇਕ ਸਿੱਖਿਆ ਅਧਿਕਾਰੀ, ਸਕੂਲ ਮੂਖੀ, ਅਧਿਆਪਕ ਅਤੇ ਸਿੱਖਿਆ ਪ੍ਰਣਾਲੀ ਦਾ ਹਰ ਕਰਮਚਾਰੀ ਅਤੇ ਸਹਿਯੋਗੀ ਪ੍ਰਣ ਕਰੇ ਕਿ ਉਹ ਆਪਣਾ 100 ਫੀਸਦੀ ਯੋਗਦਾਨ ਪਾਏਗਾ। ਇਸ ਮੌਕੇ ਉਹਨਾਂ ਸਮੂਹ ਸਿੱਖਿਆ ਅਧਿਕਾਰੀਆਂ ਨੂੰ ਵੀ ਮਿਸ਼ਨ 100% ਸੰਬੰਧੀ ਸਵੈ ਇੱਛਾ ਨਾਲ ਸਹੁੰ ਚੁਕਾਈ।
ਹਰਜੋਤ ਬੈਂਸ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਕਿਹਾ ਕਿ ਉਹ ਜ਼ਿਲ੍ਹੇ ਵਿੱਚ ਸਿੱਖਿਆ ਲਈ ਮੁਖੀ ਦੇ ਤੌਰ ‘ਤੇ ਕੰਮ ਕਰ ਰਹੇ ਹਨ ਇਸ ਲਈ ਉਹ ਹੀ ਆਪਣੇ ਜਿਲੇ ਦੇ ਸਮੁੱਚੇ ਨਤੀਜਿਆਂ ਦੇ ਜ਼ਿੰਮੇਵਾਰ ਹੋਣਗੇ। ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੂਰਨ ਆਸਵੰਦ ਹੈ ਕਿ ਸਮੂਹ ਜ਼ਿਲ੍ਹਾ ਅਧਿਕਾਰੀ ਇਸ ਮਿਸ਼ਨ ਲਈ ਪੂਰਨ ਜ਼ਿੰਮੇਵਾਰੀ ਨਾਲ ਕੰਮ ਕਰਨਗੇ। ਉਹਨਾਂ ਕਿਹਾ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮਿਸ਼ਨ ਸੰਬੰਧੀ ਜਾਗਰੂਕ ਕਰਨ ਲਈ ਬਿਨਾਂ ਲਾਗਤ ਜਾਂ ਘੱਟ ਲਾਗਤ ਨਾਲ ਸਕੂਲ ਮੁਖੀ ਮਿਸ਼ਨ 100 ਫ਼ੀਸਦੀ ਦੇ ਬੈਜ ਰੋਜ਼ਾਨਾ ਲਗਾਉਣ ਅਤੇ ਸਟਾਫ ਤੇ ਵਿਦਿਆਰਥੀਆਂ ਨੂੰ ਵੀ ਪ੍ਰੇਰਿਤ ਕਰਨ।
ਇਹ ਵੀ ਪੜ੍ਹੋ: ਪੁਲਿਸ ਨੇ ਪਿੰਡ ਕਕਰਾਲੀ ਤੋਂ ਲਾਪਤਾ ਹੋਏ 4 ਬੱਚਿਆਂ ‘ਚੋਂ 3 ਕੀਤੇ ਬਰਾਮਦ
ਇਸ ਮੌਕੇ ਵਿਭਾਗ ਓਰੀਐਂਟੇਸ਼ਨ ਵਿੱਚ ਭਾਗ ਲੈਣ ਵਾਲੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਟੇਟ ਰਿਸੋਰਸ ਪਰਸਨਾਂ ਨੇ ਵਿਸ਼ਾ ਵਾਰ ਬੋਰਡ ਦੀਆਂ ਜਮਾਤਾਂ ਦੇ ਯੂਨਿਟ ਟੈਸਟਾਂ ਅਤੇ ਹੋਰ ਰਿਪੋਰਟਾਂ ਬਾਰੇ ਜਾਣਕਾਰੀ ਦਿੱਤੀ। ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਸਿੱਖਿਆ ਅਤੇ ਐਲੀਮੈਂਟਰੀ ਸਿੱਖਿਆ ਨੇ ਵਿਸ਼ਵਾਸ਼ ਦਿਵਾਇਆ ਕਿ ਇਸ ਸ਼ੈਸ਼ਨ ਦੇ ਬਾਕੀ ਰਹਿੰਦੇ ਦਿਨਾਂ ਵਿੱਚ ਉਹ ਆਪਣੇ ਜ਼ਿਲ੍ਹਿਆਂ ਦੀਆਂ ਟੀਮਾਂ ਨਾਲ ਮਿਲ ਕੇ ਹਰੇਕ ਬੱਚੇ ਤੱਕ ਪਹੁੰਚ ਕਰਕੇ ਉਸਦੀ ਯੋਗ ਅਗਵਾਈ ਕਰਨਗੇ ਅਤੇ ਵਿਦਿਆਰਥੀ ਦੀ ਮੌਜੂਦਾ ਸਥਿਤੀ ਤੋਂ ਹੋਰ ਬਿਹਤਰ ਕਰਨ ਲਈ ਤਨ-ਮਨ ਨਾਲ ਕਾਰਜ ਕਰਨਗੇ।
ਇਸ ਓਰੀਐਂਟੇਸ਼ਨ ਵਰਕਸ਼ਾਪ ਵਿੱਚ ਤੇਜਦੀਪ ਸਿੰਘ ਸੈਣੀ ਡੀਪੀਆਈ ਸੈਕੰਡਰੀ ਸਿੱਖਿਆ, ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਐਸਸੀਈਆਰਟੀ ਪੰਜਾਬ, ਕਿਰਨਜੀਤ ਸਿੰਘ ਟਿਵਾਣਾ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਸਹਾਇਕ ਡਾਇਰੈਕਟਰ ਟਰੇਨਿੰਗਾਂ, ਯੋਗਰਾਜ ਸਿੰਘ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਬਲਵਿੰਦਰ ਸਿੰਘ ਸੈਣੀ ਸਹਾਇਕ ਪ੍ਰੋਜੈਕਟ ਡਾਇਰੈਕਟਰ, ਡਾ. ਸ਼ੰਕਰ ਚੌਧਰੀ ਸਹਾਇਕ ਡਾਇਰੈਕਟਰ ਟਰੇਨਿੰਗਾਂ ਨੇ ਵੀ ਸੰਬੋਧਨ ਕੀਤਾ।
100 ਫ਼ੀਸਦੀ ਗਿਵ ਯੂਅਰ ਬੈਸਟ’ ਸੰਬੰਧੀ ਇੱਕ ਦਿਨਾਂ ਓਰੀਐਂਟੇਸ਼ਨ ਦਫ਼ਤਰ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਰਵਾਈ ਗਈ ਓਰੀਐਂਟੇਸ਼ਨ ਵਰਕਸ਼ਾਪ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਸਿੱਖਿਆ ਅਤੇ ਐਲੀਮੈਂਟਰੀ ਸਿੱਖਿਆ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਮੁੱਖ ਦਫ਼ਤਰ ਦੇ ਡਿਪਟੀ ਅਤੇ ਸਹਾਇਕ ਡਾਇਰੈਕਟਰਾਂ, ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਦੇ ਪ੍ਰਿੰਸੀਪਲਾਂ, ਵੱਖ-ਵੱਖ ਵਿਸ਼ਿਆਂ ਦੇ ਪ੍ਰਿੰਸੀਪਲ ਜ਼ਿਲ੍ਹਾ ਮੈਂਟਰ ਅਤੇ ਅਧਿਆਪਕ ਜ਼ਿਲ੍ਹਾ ਮੈਂਟਰ ਮੌਜੂਦ ਸਨ।