ਥਾਈਲੈਂਡ ‘ਚ ਚਾਈਲਡ ਕੇਅਰ ਸੈਂਟਰ ‘ਚ ਹੋਈ ਅੰਨ੍ਹੇਵਾਹ ਗੋਲੀਬਾਰੀ ‘ਚ ਮੌਤਾਂ ਦੀ ਗਿਣਤੀ ‘ਚ ਹੋਇਆ ਵਾਧਾ

0
127

ਉੱਤਰੀ ਥਾਈਲੈਂਡ ਵਿੱਚ ਬੱਚਿਆਂ ਦੇ ਡੇਅ ਕੇਅਰ ਸੈਂਟਰ ਵਿੱਚ ਸਮੂਹਿਕ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ ਗੋਲੀਬਾਰੀ ਵਿੱਚ ਘੱਟ ਤੋਂ ਘੱਟ 37 ਲੋਕ ਮਾਰੇ ਗਏ ਹਨ। ਗੋਲੀਬਾਰੀ ਵਿੱਚ 24 ਬੱਚਿਆਂ ਅਤੇ ਬਾਲਗਾਂ ਸਣੇ ਘੱਟੋ-ਘੱਟ 37 ਜਣੇ ਹਲਾਕ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਪੁਲਿਸ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਹਮਲਾਵਰ ਆਪਣੀ ਕਾਰ ਵਿੱਚੋਂ ਗੋਲੀਬਾਰੀ ਕਰਦਾ ਹੋਇਆ ਮੌਕੇ ਤੋਂ ਫਰਾਰ ਹੋ ਕੇ ਘਰ ਚਲਾ ਗਿਆ ਜਿੱਥੇ ਉਸ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਪਤਨੀ ਅਤੇ ਪੁੱਤਰ ਨੂੰ ਵੀ ਮਾਰ ਦਿੱਤਾ।

ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੇ ਦੁਪਹਿਰ ਲਗਪਗ 12.30 ਵਜੇ ਨੌਂਗਬੂਆ ਲਾਮਫੂ ਕਸਬੇ ਵਿੱਚ ਬਾਲ ਸੰਭਾਲ ਕੇਂਦਰ ਵਿੱਚ ਦਾਖਲ ਹੋ ਕੇ ਹਮਲਾ ਕੀਤਾ। ਹਮਲਾਵਰ ਦੀ ਪਛਾਣ ਇੱਕ ਸਾਬਕਾ ਪੁਲਿਸ ਅਧਿਕਾਰੀ ਵਜੋਂ ਹੋਈ ਹੈ।

ਪੁਲਿਸ ਵੱਲੋਂ ਜਾਰੀ ਬਿਆਨ ਮੁਤਾਬਕ ਹਮਲਾਵਾਰ ਨੇ ਫਰਾਰ ਹੋਣ ਤੋਂ ਪਹਿਲਾਂ ਇਮਾਰਤ ਵਿੱਚ 19 ਲੜਕੇ, 3 ਲੜਕੀਆਂ ਅਤੇ ਦੋ ਬਾਲਗਾਂ ਦੀ ਹੱਤਿਆ ਕਰ ਦਿੱਤੀ। ਘਟਨਾ ਸਥਾਨ ਦੀਆਂ ਆਨਲਾਈਨ ਨਸ਼ਰ ਵੀਡੀਓਜ਼ ਅਤੇ ਤਸਵੀਰਾਂ ਵਿੱਚ ਪ੍ਰੀ-ਸਕੂਲ ਦੇ ਕਮਰੇ ਵਿੱਚ ਸੌਣ ਵਾਲੇ ਮੈਟ, ਫਰਸ਼ ਅਤੇ ਕੰਧਾਂ ਖੂਨ ਨਾਲ ਲਿਬੜੀਆਂ ਨਜ਼ਰ ਆ ਰਹੀਆਂ ਹਨ।

ਥਾਈਲੈਂਡ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਹਮਲਾਵਰ ਨੇ ਹਮਲੇ ਵਿੱਚ ਚਾਕੂ ਦੀ ਵੀ ਵਰਤੋਂ ਕੀਤੀ। ਪੁਲਿਸ ਦੇ ਮੇਜਰ ਜਨਰਲ ਪੈਸਲ ਲੂਈਸੋਮਬੂਨ ਨੇ ਦੱਸਿਆ ਕਿ ਸ਼ੱਕੀ ਨੇ ਮੌਕੇ ਤੋਂ ਫਰਾਰ ਹੁੰਦੇ ਸਮੇਂ ਕਾਰ ਵਿੱਚੋਂ ਵੀ ਗੋਲੀਬਾਰੀ ਜਾਰੀ ਰੱਖੀ ਅਤੇ ਕਈ ਲੋਕਾਂ ਨੂੰ ਗੋਲੀਆਂ ਵੱਜੀਆਂ। ਮੀਡੀਆ ਮੁਤਾਬਕ ਹਮਲਾ ਕਰਨ ਮਗਰੋਂ ਹਮਲਾਵਰ ਆਪਣੇ ਘਰ ਗਿਆ ਜਿੱਥੇ ਉਸ ਨੇ ਆਪਣੀ ਪਤਨੀ ਅਤੇ ਬੱਚੇ ਦੀ ਹੱਤਿਆ ਕਰਨ ਮਗਰੋਂ ਖ਼ੁਦ ਨੂੰ ਵੀ ਗੋਲੀ ਮਾਰ ਲਈ। ਪੁਲਿਸ ਨੇ ਦੱਸਿਆ ਕਿ ਦੋ ਬੱਚਿਆਂ ਅਤੇ 10 ਬਾਲਗਾਂ ਦੀ ਮੌਤ ਬਾਲ ਸੰਭਾਲ ਕੇਂਦਰ ਤੋਂ ਬਾਹਰ ਹੋਈ। ਮ੍ਰਿਤਕਾਂ ਵਿੱਚ ਹਮਲਾਵਾਰ ਉਸ ਦੀ ਪਤਨੀ ਤੇ ਬੇਟਾ ਵੀ ਸ਼ਾਮਲ ਹਨ।

LEAVE A REPLY

Please enter your comment!
Please enter your name here