Canada ਜਾਣ ਤੋਂ ਪਹਿਲਾਂ ਇੱਕ ਵਾਰ ਸੋਚ ਲੈਣ ਭਾਰਤੀ ਵਿਦਿਆਰਥੀ, ਘਟੀਆ ਕਾਲਜਾਂ ’ਚ ਦਾਖ਼ਲਾ ਹੈ ਖ਼ਤਰਨਾਕ
ਕੈਨੇਡਾ ਤੋਂ ਵਾਪਸ ਬੁਲਾਏ ਗਏ ਭਾਰਤੀ ਹਾਈ ਕਮਿਸ਼ਨਰ ਸੰਜੇ ਵਰਮਾ ਨੇ ਕਿਹਾ ਹੈ ਕਿ ਉੱਥੇ ਅਧਿਐਨ ਕਰਨ ਦੀ ਇੱਛਾ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਲੱਖਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਕਈ ਵਿਦਿਆਰਥੀ ਘਟੀਆ ਕਾਲਜਾਂ ’ਚ ਦਾਖ਼ਲਾ ਲੈ ਲੈਂਦੇ ਹਨ ਅਤੇ ਉਨ੍ਹਾਂ ਨੂੰ ਨੌਕਰੀ ਦਾ ਕੋਈ ਮੌਕਾ ਨਹੀਂ ਮਿਲਦਾ। ਇਸਦੇ ਸਿੱਟੇ ਵਜੋਂ ਡਿਪਰੈਸ਼ਨ ਨਾਲ ਪੀੜਤ ਹੋ ਜਾਂਦੇ ਹਨ ਅਤੇ ਖ਼ੁਦਕੁਸ਼ੀ ਵਰਗੇ ਕਦਮ ਚੁੱਕਣ ਲਈ ਮਜਬੂਰ ਹੁੰਦੇ ਹਨ।
ਵਿਦਿਆਰਥੀਆਂ ਦੀਆਂ ਲਾਸ਼ਾਂ ਕੈਨੇਡਾ ਤੋਂ ਭਾਰਤ ਭੇਜੀਆਂ ਜਾਂਦੀਆਂ
ਇਕ ਇੰਟਰਵਿਊ ’ਚ ਸੰਜੇ ਵਰਮਾ ਨੇ ਕਿਹਾ ਕਿ ਮੇਰੇ ਕਾਰਜਕਾਲ ਦੌਰਾਨ ਇਕ ਸਮਾਂ ਅਜਿਹਾ ਵੀ ਸੀ, ਜਦੋਂ ਹਰ ਹਫ਼ਤੇ ਘੱਟੋ-ਘੱਟ ਦੋ ਵਿਦਿਆਰਥੀਆਂ ਦੀਆਂ ਲਾਸ਼ਾਂ ਕੈਨੇਡਾ ਤੋਂ ਭਾਰਤ ਭੇਜੀਆਂ ਜਾਂਦੀਆਂ ਸਨ। ਨਾਕਾਮ ਹੋਣ ਤੋਂ ਬਾਅਦ ਵਿਦਿਆਰਥੀ ਆਪਣੇ ਮਾਤਾ-ਪਿਤਾ ਦਾ ਸਾਹਮਣਾ ਕਰਨ ਦੀ ਬਜਾਏ ਖ਼ੁਦਕੁਸ਼ੀ ਕਰ ਲੈਂਦੇ ਸਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਉੱਥੇ ਉੱਜਲ ਭਵਿੱਖ ਦਾ ਸੁਪਨਾ ਲੈ ਕੇ ਜਾਂਦੇ ਹਨ ਪਰ ਉਨ੍ਹਾਂ ਦੀ ਲਾਸ਼ ਬਾਡੀ ਬੈਗ ’ਚ ਵਾਪਸ ਆਉਂਦੀ ਹੈ। ਮਾਪਿਆਂ ਨੂੰ ਫ਼ੈਸਲਾ ਲੈਣ ਤੋਂ ਪਹਿਲਾਂ ਕਾਲਜਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ।
ਬੇਇਮਾਨ ਏਜੰਟ ਵੀ ਉਨ੍ਹਾਂ ਵਿਦਿਆਰਥੀਆਂ ਦੀ ਮਾੜੀ ਹਾਲਤ ਲਈ ਜ਼ਿੰਮੇਵਾਰ ਹਨ, ਜਿਹੜੇ ਘੱਟ ਜਾਣੇ ਜਾਣ ਵਾਲੇ ਕਾਲਜਾਂ ’ਚ ਦਾਖ਼ਲਾ ਲੈਂਦੇ ਹਨ। ਇਸ ਤਰ੍ਹਾਂ ਦੇ ਕਈ ਕਾਲਜ ਹਫ਼ਤੇ ’ਚ ਸ਼ਾਇਦ ਇਕ ਹੀ ਕਲਾਸ ਚਲਾਉਂਦੇ ਹਨ। ਕਿਉਂਕਿ ਹਫ਼ਤੇ ’ਚ ਇਕ ਵਾਰੀ ਕਲਾਸ ਹੁੰਦੀ ਹੈ, ਇਸ ਲਈ ਉਹ ਸਿਰਫ਼ ਓਨਾ ਹੀ ਪੜ੍ਹਨਗੇ ਤੇ ਉਨ੍ਹਾਂ ਦਾ ਹੁਨਰ ਵਿਕਾਸ ਵੀ ਉਸੇ ਹਿਸਾਬ ਨਾਲ ਹੋਵੇਗਾ। ਇਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਇੰਜੀਨੀਅਰਿੰਗ ਦੀ ਡਿਗਰੀ ਲੈ ਕੇ ਕੋਈ ਵਿਦਿਆਰਥੀ ਕੈਬ ਚਲਾ ਰਿਹਾ ਹੈ ਜਾਂ ਕਿਸੇ ਦੁਕਾਨ ’ਤੇ ਚਾਹ-ਸਮੋਸੇ ਵੇਚ ਰਿਹਾ ਹੈ। ਇਸ ਲਈ ਉੱਥੋਂ ਦੀ ਜ਼ਮੀਨੀ ਹਕੀਕਤ ਬਹੁਤ ਉਤਸ਼ਾਹਜਨਕ ਨਹੀਂ ਹੈ।
ਵਿਦਿਆਰਥੀ ਕਿਉਂ ਕਰ ਰਹੇ ਖੁਦਖੁਸ਼ੀ?
ਭਾਰਤੀ ਕੂਟਨੀਤਕ ਨੇ ਕਿਹਾ ਕਿ ਕੈਨੇਡਾ ਜਾਣ ਮਗਰੋਂ ਵਿਦਿਆਰਥੀ ਫਸ ਜਾਂਦੇ ਹਨ। ਉਨ੍ਹਾਂ ’ਚੋਂ ਕਈਆਂ ਦੇ ਮਾਤਾ-ਪਿਤਾ ਨੇ ਆਪਣੀਆਂ ਜ਼ਮੀਨਾਂ ਤੇ ਹੋਰ ਜਾਇਦਾਦਾਂ ਵੇਚ ਦਿੱਤੀਆਂ ਹੁੰਦੀਆਂ ਹਨ। ਉਨ੍ਹਾਂ ਕਰਜ਼ ਲਿਆ ਹੁੰਦਾ ਹੈ। ਹੁਣ ਉਹ ਵਿਦਿਆਰਥੀ ਵਾਪਸ ਪਰਤਣ ਬਾਰੇ ਸੋਚ ਨਹੀਂ ਸਕਦਾ ਕਿਉਂਕਿ ਪਰਤਣ ਲਈ ਉਸ ਕੋਲ ਕੁਝ ਵੀ ਨਹੀਂ ਬਚਿਆ ਹੁੰਦਾ। ਇਸਦੇ ਸਿੱਟੇ ਵਜੋਂ ਖ਼ੁਦਕੁਸ਼ੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ 18 ਮਹੀਨਿਆਂ ’ਚ ਮੈਂ ਕਈ ਵਿਦਿਆਰਥੀਆਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਵੀਡੀਓ ਰਿਕਾਰਡ ਕਰਵਾ ਕੇ ਯੂਟਿਊਬ ’ਤੇ ਅਪਲੋਡ ਕਰਵਾਈਆਂ ਹਨ।
26 ਅਪੀਲਾਂ ’ਚੋਂ ਸਿਰਫ਼ ਪੰਜ ਦਾ ਹੱਲ ਕੀਤਾ
ਸੰਜੇ ਵਰਮਾ ਨੇ ਕਿਹਾ ਕਿ ਕੈਨੇਡਾ ਨੇ ਖ਼ਾਲਿਸਤਾਨੀ ਅੱਤਵਾਦੀਆਂ ਦੀ ਹਵਾਲਗੀ ਲਈ ਭਾਰਤ ਵਲੋਂ ਭੇਜੀਆਂ ਗਈਆਂ 26 ਅਪੀਲਾਂ ’ਚੋਂ ਸਿਰਫ਼ ਪੰਜ ਦਾ ਹੱਲ ਕੀਤਾ ਹੈ। 21 ਅਪੀਲਾਂ ਦਹਾਕਿਆਂ ਤੋਂ ਪੈਡਿੰਗ ਹਨ। ਸੰਜੇ ਵਰਮਾ ਨੇ ਕਿਹਾ ਕਿ ਸਿਰਫ਼ ਕੁਝ ਫ਼ੀਸਦੀ ਕੈਨੇਡੀਅਨ ਸਿੱਖ ਖ਼ਾਲਿਸਤਾਨ ਦੇ ਮੁੱਦੇ ਦਾ ਸਮਰਥਨ ਕਰਦੇ ਹਨ। ਜੇਕਰ ਕੈਨੇਡਾ ਨੂੰ ਇਸ ਦੀ ਪਰਵਾਹ ਹੈ ਤਾਂ ਉਨ੍ਹਾਂ ਨੂੰ ਉਨ੍ਹਾਂ ਲਈ ਥਾਂ ਦੇਣੀ ਚਾਹੀਦੀ ਹੈ ਤੇ ਇਸਨੂੰ ਖ਼ਾਲਿਸਤਾਨ ਕਹਿਣਾ ਚਾਹੀਦਾ ਹੈ।