ਭਾਰਤੀ ਮੁੱਕੇਬਾਜ਼ਾਂ ਨੇ ਵਿਦੇਸ਼ ਦੀ ਧਰਤੀ ‘ਤੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ। ਭਾਰਤੀ ਮੁੱਕੇਬਾਜ਼ ਵਿਸ਼ਵਨਾਥ ਸੁਰੇਸ਼, ਵੰਸ਼ਜ ਤੇ ਦੇਵਿਕਾ ਘੋਰਪੜੇ ਨੇ ਸਪੇਨ ਦੇ ਲਾ ਨੂਸੀਆ ਵਿਚ ਚੱਲ ਰਹੀ ਆਈਬੀਏ ਯੁਵਾ ਮਰਦ ਅਤੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤੇ। ਚੇਨਈ ਵਿਚ ਜਨਮੇ ਵਿਸ਼ਵਨਾਥ ਨੇ ਇਸ ਵੱਕਾਰੀ ਚੈਂਪੀਅਨਸ਼ਿਪ ਵਿਚ ਭਾਰਤ ਨੂੰ ਪਹਿਲਾ ਗੋਲਡ ਮੈਡਲ ਦਿਵਾਇਆ।
ਉਨ੍ਹਾਂ ਨੇ ਮਰਦਾਂ ਦੇ 48 ਕਿੱਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿਚ ਫਿਲੀਪੀਨਜ਼ ਦੇ ਰੋਨੇਲ ਸੁਯੋਮ ਨੂੰ ਹਰਾ ਕੇ ਸੋਨੇ ਦਾ ਤਗਮਾ ਹਾਸਲ ਕੀਤਾ। ਪੁਣੇ ਦੀ ਰਹਿਣ ਵਾਲੀ ਦੇਵਿਕਾ ਨੇ ਮਹਿਲਾਵਾਂ ਦੇ 52 ਕਿੱਲੋਗ੍ਰਾਮ ਫਾਈਨਲ ‘ਚ ਇੰਗਲੈਂਡ ਦੀ ਲਾਰੇਨ ਮੈਕੀ ਨੂੰ ਹਰਾ ਕੇ ਭਾਰਤ ਦੇ ਖਾਤੇ ਵਿਚ ਦੂਜਾ ਗੋਲਡ ਮੈਡਲ ਜੋੜਿਆ। ਯੁਵਾ ਏਸ਼ਿਆਈ ਚੈਂਪੀਅਨ ਵੰਸ਼ਜ ਨੇ ਭਾਰਤ ਲਈ ਤੀਜਾ ਗੋਲਡ ਮੈਡਲ ਹਾਸਲ ਕੀਤਾ। ਸੋਨੀਪਤ ਦੇ ਰਹਿਣ ਵਾਲੇ ਇਸ ਮੁੱਕੇਬਾਜ਼ ਨੇ ਮਰਦਾਂ ਦੇ 63.5 ਕਿੱਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿਚ ਜਾਰਜੀਆ ਦੇ ਦੇਮੂਰ ਕਜਾਇਆ ਨੂੰ ਆਸਾਨੀ ਨਾਲ ਹਰਾਇਆ।
ਇਹ ਵੀ ਪੜ੍ਹੋ: ਕੈਨੇਡਾ ਗਏ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ ‘ਚ ਹੋਈ ਮੌਤ
ਭਾਵਨਾ ਸ਼ਰਮਾ ਨੂੰ ਮਹਿਲਾਵਾਂ ਦੇ 48 ਕਿੱਲੋਗ੍ਰਾਮ ਭਾਰ ਵਰਗ ਵਿਚ ਉਜ਼ਬੇਕਿਸਤਾਨ ਦੀ ਗੁਲਸੇਵਰ ਗਨੀਵਾ ਹੱਥੋਂ 0-5 ਨਾਲ ਹਾਰ ਕਾਰਨ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ। ਆਸ਼ੀਸ਼ (54 ਕਿੱਲੋਗ੍ਰਾਮ) ਸਿਲਵਰ ਮੈਡਲ ਹਾਸਲ ਕਰਨ ਵਾਲੇ ਹੋਰ ਭਾਰਤੀ ਸਨ। ਉਹ ਜਾਪਾਨੀ ਮੁੱਕੇਬਾਜ਼ ਯੁਤਾ ਸਾਕਾਈ ਹੱਥੋਂ 1-4 ਨਾਲ ਹਾਰ ਗਏ। ਭਾਰਤ 11 ਮੈਡਲਾਂ ਨਾਲ ਇਸ ਚੈਂਪੀਅਨਸ਼ਿਪ ਵਿਚ ਸਿਖਰ ‘ਤੇ ਹੈ