ਭਾਰਤ ਦੇ ਪਹਿਲੇ ਵੋਟਰ 106 ਸਾਲਾ ਸ਼ਿਆਮ ਸ਼ਰਨ ਨੇਗੀ ਦਾ ਅੱਜ ਦਿਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਮਾਸਟਰ ਨੇਗੀ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਖਰਾਬ ਚੱਲ ਰਹੀ ਸੀ। ਇਸ ਕਾਰਨ ਮਾਸਟਰ ਨੇਗੀ ਨੇ 2 ਨਵੰਬਰ ਨੂੰ ਹਿਮਾਚਲ ਵਿਧਾਨ ਸਭਾ ਚੋਣਾਂ ਲਈ ਬੈਲਟ ਪੇਪਰ ਰਾਹੀਂ ਵੋਟ ਪਾਈ ਸੀ। ਪਹਿਲੇ ਵੋਟਰ ਮਾਸਟਰ ਸ਼ਿਆਮ ਸਰਨ ਨੇਗੀ ਦੇ ਕੰਨ ਦੀ ਦਰਦ ਅਤੇ ਅੱਖਾਂ ਦੀ ਰੌਸ਼ਨੀ ਵੀ ਘੱਟ ਗਈ ਸੀ। 2 ਨਵੰਬਰ ਨੂੰ ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ 34ਵੀਂ ਵਾਰ ਵੋਟ ਪਾਈ ਸੀ। ਉਨ੍ਹਾਂ ਦੇ ਪਰਿਵਾਰ ਨੇ ਜਾਣਕਾਰੀ ਦਿੱਤੀ ਕਿ ਹਿਮਾਚਲ ਪ੍ਰਦੇਸ਼ ’ਚ ਉਨ੍ਹਾਂ ਦੇ ਜੱਦੀ ਸਥਾਨ ਕਲਪਾ ’ਚ ਨੇਗੀ ਨੇ ਆਖ਼ਰੀ ਸਾਹ ਲਏ।
ਡਿਪਟੀ ਕਮਿਸ਼ਨ ਆਬਿਦ ਹੁਸੈਨ ਸਾਦਿਕ ਨੇ ਕਿਹਾ ਕਿ ਪੂਰੇ ਸਰਕਾਰੀ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਨੇਗੀ ਨੇ ਬੁੱਧਵਾਰ ਨੂੰ ਕਿੰਨੌਰ ਵਿਧਾਨ ਸਭਾ ਖੇਤਰ ’ਚ ਆਪਣੀ ਵੋਟ ਪਾਈ। ਅਧਿਕਾਰਤ ਰਿਕਾਰਡ ਮੁਤਾਬਕ ਉਨ੍ਹਾਂ ਨੇ 1951-52 ਦੀਆਂ ਆਮ ਚੋਣਾਂ ’ਚ ਵੀ ਹਿੱਸਾ ਲਿਆ ਸੀ, ਜੋ ਦੇਸ਼ ਦੀਆਂ ਪਹਿਲੀਆਂ ਆਮ ਚੋਣਾਂ ਸਨ। ਨੇਗੀ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਮਗਰੋਂ ਕਿਹਾ ਕਿ 1947 ’ਚ ਭਾਰਤ ਦੀ ਆਜ਼ਾਦੀ ਮਗਰੋਂ ਮੈਂ ਕਦੇ ਵੀ ਵੋਟ ਪਾਉਣ ਦਾ ਮੌਕਾ ਨਹੀਂ ਗੁਆਇਆ ਅਤੇ ਮੈਂ ਇਸ ਵਾਰ ਵੀ ਵੋਟ ਪਾ ਕੇ ਖੁਸ਼ੀ ਮਹਿਸੂਸ ਕੀਤੀ। ਪਿਛਲੇ ਸਾਲ ਵੀ ਉਨ੍ਹਾਂ ਨੇ ਮੰਡੀ ਸੰਸਦੀ ਜ਼ਿਮਨੀ ਚੋਣ ਲਈ ਆਪਣੀ ਵੋਟ ਪਾਈ ਸੀ।
ਜੁਲਾਈ 1917 ’ਚ ਜਨਮੇ ਨੇਗੀ ਨੇ 1951 ਤੋਂ ਲੈ ਕੇ ਹੁਣ ਤੱਕ 16 ਵਾਰ ਲੋਕ ਸਭਾ ਲਈ ਵੋਟ ਪਾਈ ਸੀ। ਉਨ੍ਹਾਂ ਨੇ ਪਹਿਲੀ ਵਾਰ ਪੋਸਟਲ ਬੈਲਟ ਰਾਹੀਂ ਆਪਣੀ ਵੋਟ ਪਾਈ। ਇਸ ਵਾਰ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਨੇ 34ਵੀਂ ਵਾਰ ਵੋਟ ਪਾਈ ਸੀ। ਪੇਸ਼ੇ ਤੋਂ ਅਧਿਆਪਕ ਰਹੇ ਨੇਗੀ ਨੇ ਆਪਣੇ ਜੀਵਨ ਕਾਲ ’ਚ ਕਦੇ ਵੀ ਵੋਟ ਪਾਉਣ ਦੇ ਮੌਕੇ ਨੂੰ ਨਹੀਂ ਗੁਆਇਆ। ਉਹ 2014 ਤੋਂ ਰਾਜ ਦੇ ਚੋਣ ਆਈਕਨ ਵੀ ਹਨ।