ਟੀਮ ਇੰਡੀਆ ਨੇ ਦੂਜੇ ਵਨਡੇ ‘ਚ ਜ਼ਿੰਬਾਬਵੇ ਨੂੰ 5 ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਭਾਰਤ ਨੇ 3 ਵਨਡੇ ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਹਾਲਾਂਕਿ ਭਾਰਤ ਨੂੰ ਜਿੱਤ ਲਈ ਜ਼ੋਰ ਲਾਉਣਾ ਪਿਆ ਪਰ ਕੇਐੱਲ ਰਾਹੁਲ(KL Rahul) ਦੀ ਅਗਵਾਈ ਵਾਲੀ ਟੀਮ ਨੇ ਆਖਰਕਾਰ ਸੀਰੀਜ਼ ਨੂੰ ਸਮੇਟ ਲਿਆ। ਹਾਲਾਂਕਿ ਸੀਰੀਜ਼ ਟੀਮ ਇੰਡੀਆ ਨੇ ਆਪਣੇ ਨਾਂ ਕੀਤੀ ਸੀ ਪਰ ਦੀਪਕ ਹੁੱਡਾ ਦੇ ਨਾਮ ਇੱਕ ਖਾਸ ਰਿਕਾਰਡ ਬਣ ਗਿਆ। ਉਸ ਨੇ ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ ‘ਚ ਡੈਬਿਊ ਕੀਤਾ ਹੈ ਅਤੇ ਟੀਮ ਇੰਡੀਆ ਦੀ ਜਿੱਤ ਦੀ ਗਾਰੰਟੀ ਬਣ ਗਈ ਹੈ। ਉਸ ਦੀ ਸਿਰਫ਼ ਮੌਜੂਦਗੀ ਹੀ ਜਿੱਤ ਦੀ ਗਾਰੰਟੀ ਬਣ ਗਈ ਹੈ।
ਦੀਪਕ ਹੁੱਡਾ ਨੇ ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਤੋਂ ਬਾਅਦ ਵਨਡੇ ਅਤੇ ਟੀ-20 ਸਮੇਤ ਕੁੱਲ 16 ਮੈਚ ਖੇਡੇ ਹਨ। ਇਸ ਵਿੱਚ 7 ਵਨਡੇ ਅਤੇ 9 ਟੀ-20 ਹਨ। ਇਤਫ਼ਾਕ ਦੀ ਗੱਲ ਹੈ ਕਿ ਟੀਮ ਇੰਡੀਆ ਨੇ ਇਹ ਸਾਰੇ 16 ਮੈਚ ਜਿੱਤੇ ਹਨ। ਕਿਸੇ ਵੀ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੇ ਡੈਬਿਊ ਤੋਂ ਬਾਅਦ ਲਗਾਤਾਰ ਇੰਨੇ ਮੈਚ ਨਹੀਂ ਜਿੱਤੇ ਹਨ।
ਇਸ ਮਾਮਲੇ ‘ਚ ਹੁੱਡਾ ਨੇ ਰੋਮਾਨੀਆ ਦੇ ਸਾਤਵਿਕ ਨਦੀਗੋਤਲਾ ਦਾ ਰਿਕਾਰਡ ਤੋੜ ਦਿੱਤਾ, ਜਿਨ੍ਹਾਂ ਦਾ ਡੈਬਿਊ ਤੋਂ ਬਾਅਦ ਲਗਾਤਾਰ 15 ਮੈਚ ਜਿੱਤਣ ਦਾ ਰਿਕਾਰਡ ਸੀ। ਇਨ੍ਹਾਂ ਦੋਵਾਂ ਤੋਂ ਇਲਾਵਾ ਰੋਮਾਨੀਆ ਦੇ ਸ਼ਾਂਤਨੂ ਵਸ਼ਿਸ਼ਟ ਅਤੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਡੇਵਿਡ ਮਿਲਰ ਨੇ ਡੈਬਿਊ ਤੋਂ ਬਾਅਦ ਲਗਾਤਾਰ 13-13 ਮੈਚ ਜਿੱਤੇ। ਹਾਲਾਂਕਿ ਹੁੱਡਾ ਦਾ ਆਪਣਾ ਪ੍ਰਦਰਸ਼ਨ ਵੀ ਹੁਣ ਤੱਕ ਸ਼ਾਨਦਾਰ ਰਿਹਾ ਹੈ। ਉਹ ਜਿਸ ਵੀ ਨੰਬਰ ‘ਤੇ ਬੱਲੇਬਾਜ਼ੀ ਲਈ ਭੇਜਿਆ ਗਿਆ ਹੈ, ਉਸ ‘ਤੇ ਦੌੜਾਂ ਬਣਾਉਣ ‘ਚ ਸਫਲ ਰਿਹਾ ਹੈ।
ਉਨ੍ਹਾਂ ਨੇ ਜ਼ਿੰਬਾਬਵੇ ਖ਼ਿਲਾਫ਼ ਦੂਜੇ ਵਨਡੇ ਵਿੱਚ ਵੀ ਗੇਂਦ ਅਤੇ ਬੱਲੇ ਨਾਲ ਟੀਮ ਦੀ ਜਿੱਤ ਵਿੱਚ ਯੋਗਦਾਨ ਪਾਇਆ। ਉਨ੍ਹਾਂ ਨੇ ਇਸ ਤੋਂ ਪਹਿਲਾਂ ਸ਼ਾਨ ਵਿਲੀਅਮਜ਼ (42) ਦਾ ਵਿਕਟ ਲਿਆ ਸੀ। ਫਿਰ ਬੱਲੇਬਾਜ਼ੀ ਦੌਰਾਨ ਜਦੋਂ ਭਾਰਤ ਨੇ 100 ਦੌੜਾਂ ਦੇ ਅੰਦਰ 4 ਵਿਕਟਾਂ ਗੁਆ ਦਿੱਤੀਆਂ ਸਨ ਤਾਂ ਸੰਜੂ ਸੈਮਸਨ ਨਾਲ 56 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਦੀ ਜਿੱਤ ਪੱਕੀ ਕਰ ਦਿੱਤੀ। ਹੁੱਡਾ ਨੇ 25 ਦੌੜਾਂ ਬਣਾਈਆਂ। ਹੁੱਡਾ ਨੇ ਹੁਣ ਤੱਕ 16 ਮੈਚਾਂ ਦੀਆਂ 12 ਪਾਰੀਆਂ ਵਿੱਚ 414 ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਸੈਂਕੜਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ 3 ਵਿਕਟਾਂ ਵੀ ਹਾਸਲ ਕੀਤੀਆਂ ਹਨ।