ਕੋਰੋਨਾ ਮਹਾਂਮਾਰੀ ਅਜੇ ਖਤਮ ਨਹੀਂ ਹੋਈ ਕਿ ਇੱਕ ਹੋਰ ਬਿਮਾਰੀ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਦੱਸ ਦਈਏ ਕਿ ਹੁਣ ਮੰਕੀਪੌਕਸ ਨਾਂ ਦੇ ਵਾਇਰਸ ਦੇ ਮਰੀਜ਼ ਦੇਸ਼ ਅੰਦਰ ਸਾਹਮਣੇ ਆ ਰਹੇ ਹਨ। ਹੁਣ ਤੱਕ ਭਾਰਤ ਅੰਦਰ ਮੰਕੀਪੌਕਸ ਦੇ ਕਈ ਮਾਮਲੇ ਸਾਹਮਣੇ ਆ ਗਏ ਹਨ। ਹੁਣ ਹਰਿਆਣਾ ‘ਚ ਮੰਕੀਪੌਕਸ ਦੇ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਦੋ ਬੱਚਿਆਂ ਵਿੱਚ ਮੰਕੀਪੌਕਸ ਦੇ ਲੱਛਣ ਪਾਏ ਗਏ ਹਨ। ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਨਾਲ ਹੀ ਉਨ੍ਹਾਂ ਦਾ ਸੈਂਪਲ ਜਾਂਚ ਲਈ ਦਿੱਲੀ ਏਮਜ਼ ਭੇਜਿਆ ਗਿਆ ਹੈ।
ਦਿੱਲੀ ‘ਚ ਮੰਕੀਪੌਕਸ ਦਾ ਮਰੀਜ਼ ਮਿਲਣ ਤੋਂ ਬਾਅਦ ਹਰਿਆਣਾ ਦਾ ਸਿਹਤ ਵਿਭਾਗ ਚੌਕਸ ਹੋ ਗਿਆ ਹੈ। ਦੂਜੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਜੇਕਰ ਕੋਈ ਵਿਅਕਤੀ 21 ਦਿਨਾਂ ਵਿੱਚ ਵਿਦੇਸ਼ ਯਾਤਰਾ ਤੋਂ ਵਾਪਸ ਆਇਆ ਹੈ ਅਤੇ ਉਸ ਵਿੱਚ ਕੋਈ ਸ਼ੱਕੀ ਲੱਛਣ ਹਨ ਤਾਂ ਉਸ ਨੂੰ ਸਿਹਤ ਕੇਂਦਰ ਵਿੱਚ ਜਾ ਕੇ ਟੈਸਟ ਕਰਵਾਉਣਾ ਪਵੇਗਾ। ਖਾਸ ਤੌਰ ‘ਤੇ ਦੱਖਣੀ ਅਫਰੀਕਾ ਤੋਂ ਆਉਣ ਵਾਲੇ ਯਾਤਰੀਆਂ ‘ਤੇ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ‘ਚ ਵੀ ਇੱਕ ਸ਼ੱਕੀ ਮਰੀਜ਼ ਮਿਲਿਆ ਸੀ।ਇਸਦੇ ਨਾਲ ਹੀ ਦੱਸ ਦਈਏ ਕਿ ਕੇਰਲਾ ‘ਚ ਵੀ ਮੰਕੀਪੌਕਸ ਦੇ ਹੁਣ ਤੱਕ 3 ਮਾਮਲੇ ਸਾਹਮਣੇ ਆ ਚੁੱਕੇ ਹਨ।