ਪੰਜਾਬ ਦੇ ਇਸ ਸ਼ਹਿਰ ‘ਚ ਮੂੰਹ ਢੱਕ ਕੇ ਚੱਲਣ ਜਾਂ ਵਾਹਨ ਚਲਾਉਣ ‘ਤੇ ਲੱਗੀ ਪਾਬੰਦੀ
ਪੰਜਾਬ ਵਿਚ ਦਿਨੋ -ਦਿਨ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਜਿਸ ਵਿੱਚ ਅੱਧ ਤੋਂ ਜ਼ਿਆਦਾ ਵਾਰਦਾਤਾਂ ਮੂੰਹ ਨੂੰ ਕੱਪੜੇ ਨਾਲ ਢੱਕ ਕੇ ਅੰਜ਼ਾਮ ਦਿੱਤਾ ਜਾਂਦਾ ਹੈ ਜਿਸਦੇ ਚੱਲਦਿਆਂ ਜ਼ਿਲ੍ਹਾ ਗੁਰਦਾਸਪੁਰ ਪ੍ਰਸ਼ਾਸ਼ਨ ਨੇ ਵੱਡਾ ਫੈਸਲਾ ਲਿਆ ਹੈ। ਗੁਰਦਾਸਪੁਰ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਚੱਲਣ ਸਮੇਂ ਅਤੇ ਵਾਹਨ ਚਲਾਉਂਦੇ ਸਮੇਂ ਮੂੰਹ ਢੱਕਣ ‘ਤੇ ਪਾਬੰਦੀ ਲਗਾ ਦਿੱਤੀ ਹੈ।
ਦੋਸ਼ੀ ਦੀ ਪਛਾਣ ਕਰਨ ‘ਚ ਹੁੰਦੀ ਹੈ ਮੁਸ਼ਕਿਲ
ਜ਼ਿਲੇ ਦੇ ਵੱਖ-ਵੱਖ ਹਿੱਸਿਆਂ ‘ਚ ਨਕਾਬਪੋਸ਼ ਅਨਸਰਾਂ ਵਲੋਂ ਹਰ ਰੋਜ਼ ਲੁੱਟ-ਖੋਹ, ਕਤਲ, ਡਕੈਤੀ ਅਤੇ ਚੇਨ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ‘ਤੇ ਜਦੋਂ ਪੁਲਿਸ ਵਾਰਦਾਤ ਵਾਲੀ ਥਾਂ ‘ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਕਰਦੀ ਹੈ ਤਾਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦਾ ਚਿਹਰਾ ਸਾਫ ਨਜ਼ਰ ਨਹੀਂ ਆਉਂਦਾ ਹੈ। ਫੁਟੇਜ ਵਿੱਚ ਦੋਸ਼ੀਆਂ ਦਾ ਚਿਹਰਾ ਅਕਸਰ ਕੱਪੜੇ ਜਾਂ ਮਾਸਕ ਨਾਲ ਢੱਕਿਆ ਦੇਖਿਆ ਜਾਂਦਾ ਹੈ। ਜਿਸ ਕਾਰਨ ਦੋਸ਼ੀ ਦੀ ਪਛਾਣ ਕਰਨ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ : ਪੰਜਾਬ-ਚੰਡੀਗੜ੍ਹ ‘ਚ ਮਾਨਸੂਨ ਹੋਇਆ ਸੁਹਾਵਣਾ, ਕਈ ਸ਼ਹਿਰਾਂ ‘ਚ ਮੀਂਹ ਦਾ ਅਲਰਟ
ਹੁਕਮ 28 ਅਕਤੂਬਰ 2024 ਤੱਕ ਲਾਗੂ ਰਹੇਗਾ
ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਗੁਰਦਾਸਪੁਰ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਸੁਰਿੰਦਰ ਸਿੰਘ ਪੀ.ਸੀ.ਐਸ. ਨੇ ਦੰਡ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮੂੰਹ ‘ਤੇ ਕੱਪੜਾ ਬੰਨ੍ਹ ਕੇ ਜਾਂ ਮੂੰਹ ਢੱਕ ਕੇ ਚੱਲਣ ਜਾਂ ਵਾਹਨ ਚਲਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਹੁਕਮ 28 ਅਕਤੂਬਰ 2024 ਤੱਕ ਲਾਗੂ ਰਹੇਗਾ।