WCL ਦੇ ਫਾਈਨਲ ‘ਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਜਿੱਤੀ ਟਰਾਫੀ
ਇੰਡੀਆ ਚੈਂਪੀਅਨ ਟੀਮ ਨੇ ਪਾਕਿਸਤਾਨ ਚੈਂਪੀਅਨਸ ਨੂੰ ਹਰਾ ਕੇ ਵਿਸ਼ਵ ਚੈਂਪੀਅਨਸ਼ਿਪ ਆਫ ਲੈਜੈਂਡਜ਼ ਟਰਾਫੀ ਜਿੱਤ ਲਈ ਹੈ। ਪਾਕਿਸਤਾਨ ਵੱਲੋਂ ਦਿੱਤੇ 157 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ 19.1 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 159 ਦੌੜਾਂ ਬਣਾ ਕੇ ਫਾਈਨਲ ਜਿੱਤ ਲਿਆ। ਇੰਡੀਆ ਚੈਂਪੀਅਨਸ ਦੀ ਜਿੱਤ ਵਿੱਚ ਸਲਾਮੀ ਬੱਲੇਬਾਜ਼ ਅੰਬਾਤੀ ਰਾਇਡੂ ਅਤੇ ਹਾਲ ਹੀ ਵਿੱਚ ਟੀਐਮਸੀ ਤੋਂ ਐਮਪੀ ਬਣੇ ਯੂਸੁਫ਼ ਪਠਾਨ ਨੇ ਵਿਸਫੋਟਕ ਪਾਰੀ ਖੇਡ ਕੇ ਅਹਿਮ ਭੂਮਿਕਾ ਨਿਭਾਈ। WCL ਦਾ ਫਾਈਨਲ ਬਰਮਿੰਘਮ ਵਿੱਚ ਖੇਡਿਆ ਗਿਆ। ਇਸ ਲੀਗ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਖਿਡਾਰੀ ਖੇਡ ਰਹੇ ਸਨ।
ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਚੈਂਪੀਅਨਸ ਦੀ ਸ਼ੁਰੂਆਤ ਚੰਗੀ ਰਹੀ। ਰੋਬਿਨ ਉਥੱਪਾ ਅਤੇ ਅੰਬਾਤੀ ਰਾਇਡੂ ਨੇ ਪਹਿਲੀ ਵਿਕਟ ਲਈ 34 ਦੌੜਾਂ ਦੀ ਸਾਂਝੇਦਾਰੀ ਕੀਤੀ, ਜੋ ਤੀਜੇ ਓਵਰ ਦੀ ਚੌਥੀ ਗੇਂਦ ‘ਤੇ ਖਤਮ ਹੋ ਗਈ ਜਦੋਂ ਉਥੱਪਾ 1 ਚੌਕੇ ਦੀ ਮਦਦ ਨਾਲ 8 ਗੇਂਦਾਂ ‘ਚ 10 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਫਿਰ ਉਸੇ ਓਵਰ ਦੀ ਆਖਰੀ ਗੇਂਦ ‘ਤੇ ਸੁਰੇਸ਼ ਰੈਨਾ ਸਿਰਫ 04 (2 ਗੇਂਦਾਂ) ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਅੰਬਾਤੀ ਰਾਇਡੂ ਅਤੇ ਗੁਰਕੀਰਤ ਸਿੰਘ ਮਾਨ ਨੇ ਕੁਝ ਸਮਾਂ ਪਾਰੀ ਨੂੰ ਸੰਭਾਲਿਆ ਅਤੇ ਫਿਰ 12ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਭਾਰਤੀ ਚੈਂਪੀਅਨਜ਼ ਨੂੰ ਤੀਜਾ ਝਟਕਾ ਲੱਗਾ ਜਦੋਂ ਅੰਬਾਤੀ ਰਾਇਡੂ ਆਊਟ ਹੋ ਗਏ। ਰਾਇਡੂ ਨੇ 30 ਗੇਂਦਾਂ ‘ਚ 5 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 50 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ: ਚੱਲਦੀ ਕਾਰ ਦਾ ਸਨਰੂਫ ਖੋਲ੍ਹਣ ‘ਤੇ ਹੋਵੇਗੀ ਕਾਰਵਾਈ, ਵਧੀਕ ਡਾਇਰੈਕਟਰ ਜਨਰਲ ਨੇ ਜਾਰੀ ਕੀਤੇ ਹੁਕਮ ||Punjab News
ਇਸ ਤੋਂ ਪਹਿਲਾਂ ਯੂਨਿਸ ਖਾਨ ਦੀ ਕਪਤਾਨੀ ਵਾਲੀ ਪਾਕਿਸਤਾਨ ਚੈਂਪੀਅਨਜਸ ਨੇ 6 ਵਿਕਟਾਂ ‘ਤੇ 156 ਦੌੜਾਂ ਬਣਾਈਆਂ । ਉਨ੍ਹਾਂ ਵੱਲੋਂ ਤਜਰਬੇਕਾਰ ਸ਼ੋਏਬ ਮਲਿਕ ਨੇ 36 ਗੇਂਦਾਂ ‘ਤੇ 41 ਦੌੜਾਂ ਦੀ ਪਾਰੀ ਖੇਡੀ, ਜਦਕਿ ਵਿਕਟਕੀਪਰ ਸਲਾਮੀ ਬੱਲੇਬਾਜ਼ ਕਾਮਰਾਨ ਅਕਮਲ ਨੇ 24 ਦੌੜਾਂ ਦਾ ਯੋਗਦਾਨ ਦਿੱਤਾ । ਮਕਸੂਦ 21 ਦੌੜਾਂ ਬਣਾ ਕੇ ਆਊਟ ਹੋ ਗਏ ਜਦਕਿ ਮਿਸਬਾਹ-ਉਲ-ਹੱਕ 18 ਦੌੜਾਂ ਬਣਾ ਕੇ ਰਿਟਾਇਰ ਹਰਟ ਹੋ ਗਏ । ਭਾਰਤ ਵੱਲੋਂ ਪੇਸਰ ਅਨੁਰੀਤ ਸਿੰਘ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ । ਵਿਨੇ ਕੁਮਾਰ, ਪਵਨ ਨੇਗੀ ਅਤੇ ਇਰਫਾਨ ਪਠਾਨ ਨੇ 1-1 ਵਿਕਟ ਲਈ।
ਦੱਸ ਦੇਈਏ ਕਿ ਭਾਰਤ ਚੈਂਪੀਅਨਜਸ ਨੇ ਆਸਟ੍ਰੇਲੀਆ ਚੈਂਪੀਅਨਜਸ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ, ਜਦਕਿ ਪਾਕਿਸਤਾਨ ਚੈਂਪੀਅਨਸ ਨੇ ਵੈਸਟਇੰਡੀਜ਼ ਨੂੰ ਹਰਾ ਕੇ ਖ਼ਿਤਾਬੀ ਮੁਕਾਬਲੇ ਵਿੱਚ ਪ੍ਰਵੇਸ਼ ਕੀਤਾ ਸੀ। ਇਸ ਟੂਰਨਾਮੈਂਟ ਵਿੱਚ ਭਾਰਤ, ਪਾਕਿਸਤਾਨ, ਆਸਟ੍ਰੇਲੀਆ, ਇੰਗਲੈਂਡ, ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਨੇ ਭਾਗ ਲਿਆ ਸੀ। ਫਾਈਨਲ ਮੁਕਾਬਲੇ ਵਿੱਚ ਸ਼ਾਨਦਾਰ ਪਾਰੀ ਖੇਡਣ ਲਈ ਰਾਇਡੂ ਨੂੰ ‘ਪਲੇਅਰ ਆਫ ਦ ਮੈਚ’ ਚੁਣਿਆ ਗਿਆ।