ਪੰਜਾਬ ਦੇ ਸੀਨੀਅਰ ਆਈਏਐਸ ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਦੀ ਮੌਤ ਹੱਤਿਆ ਨਹੀਂ ਸਗੋਂ ਖੁਦਕੁਸ਼ੀ ਹੈ। 25 ਜੂਨ ਨੂੰ ਕਾਰਤਿਕ ਦੀ ਚੰਡੀਗੜ੍ਹ ਦੇ ਸੈਕਟਰ 11 ਸਥਿਤ ਘਰ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਪਰਿਵਾਰ ਨੇ ਇਸ ਨੂੰ ਹੱਤਿਆ ਦੱਸਿਆ ਸੀ ਪਰ ਕਾਰਤਿਕ ਪੋਪਲੀ (26) ਦੀ ਮੁੱਢਲੀ ਪੋਸਟਮਾਰਟਮ ਰਿਪੋਰਟ ਖੁਦਕੁਸ਼ੀ ਵੱਲ ਇਸ਼ਾਰਾ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਿਰ ਵਿੱਚ ਲੱਗੀ ਗੋਲੀ ‘ਆਤਮਘਾਤੀ’ ਹੈ। ਕਾਰਤਿਕ ਲਾਅ ਗ੍ਰੈਜੂਏਟ ਸੀ ਅਤੇ ਜੁਡੀਸ਼ਰੀ ਦੀ ਤਿਆਰੀ ਕਰ ਰਿਹਾ ਸੀ। ਉਹ ਪੋਪਲੀ ਜੋੜੇ ਦਾ ਇਕਲੌਤਾ ਪੁੱਤਰ ਸੀ। ਸੰਜੇ ਪੋਪਲੀ ਦੇ ਰਿਮਾਂਡ ਦੌਰਾਨ ਰਿਕਵਰੀ ਲਈ ਪੰਜਾਬ ਵਿਜੀਲੈਂਸ ਟੀਮ ਉਨ੍ਹਾਂ ਦੇ ਘਰ ਆਈ ਸੀ। ਇਸ ਦੇ ਨਾਲ ਹੀ ਕਰੀਬ 1.45 ਵਜੇ ਘਰ ਦੀ ਪਹਿਲੀ ਮੰਜ਼ਿਲ ‘ਤੇ ਗੋਲੀ ਚੱਲ ਗਈ।
ਸੋਫੇ ‘ਤੇ ਕਾਰਤਿਕ ਪੋਪਲੀ ਮਰਿਆ ਹੋਇਆ ਪਿਆ ਸੀ। ਸੰਜੇ ਪੋਪਲੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫੜੇ ਗਏ ਸਨ। ਉਹ ਇਸ ਸਮੇਂ ਪੰਜਾਬ ਦੀ ਜੇਲ੍ਹ ਵਿੱਚ ਹੈ। ਸੰਜੇ ਪੋਪਲੀ ਦੀ ਪਤਨੀ ਨੇ ਦੋਸ਼ ਲਾਇਆ ਸੀ ਕਿ ਉਸ ਦੇ ਪੁੱਤਰ ਨੂੰ ਪੰਜਾਬ ਵਿਜੀਲੈਂਸ ਅਧਿਕਾਰੀਆਂ ਨੇ ਮਾਰਿਆ ਹੈ। 27 ਜੂਨ ਨੂੰ ਪੀਜੀਆਈ ਵਿੱਚ ਡਾਕਟਰਾਂ ਦਾ ਇੱਕ ਪੈਨਲ ਬਣਾਇਆ ਗਿਆ ਸੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਦੀ ਨਿਗਰਾਨੀ ਵਿੱਚ ਕਾਰਤਿਕ ਦਾ ਪੋਸਟਮਾਰਟਮ ਕੀਤਾ ਗਿਆ ਸੀ।
ਪੋਸਟਮਾਰਟਮ ਰਿਪੋਰਟ ‘ਚ ਮੱਥੇ ‘ਤੇ ਲੱਗੀ ਗੋਲੀ ਦੇ ਜ਼ਖ਼ਮ ਦਾ ਆਕਾਰ, ਜ਼ਖ਼ਮ ਵਾਲੀ ਥਾਂ ‘ਤੇ ਮੌਜੂਦ ਗੰਨ ਪਾਊਡਰ, ਮ੍ਰਿਤਕ ਦੇ ਖੱਬੇ ਹੱਥ ਦੀ ਜਾਂਚ, ਗੋਲੀ ਦੀ ਦਿਸ਼ਾ ਆਦਿ ਦੀ ਜਾਂਚ ਕਰਨ ਤੋਂ ਬਾਅਦ ਇਸ ਨੂੰ ਇੱਕ ਖੁਦਕੁਸ਼ੀ ਘੋਸ਼ਿਤ ਕੀਤਾ ਗਿਆ ਹੈ। ਕਾਰਤਿਕ ਦੀ 7.65 ਐਮਐਮ ਦੀ ਪਿਸਤੌਲ ਨਾਲ ਗੋਲੀ ਲੱਗਣ ਨਾਲ ਮੌਤ ਹੋ ਗਈ। ਇਹ ਉਸ ਦੇ ਪਿਤਾ ਦਾ ਲਾਇਸੰਸੀ ਪਿਸਤੌਲ ਸੀ, ਜਿਸ ਨੂੰ ਵਿਜੀਲੈਂਸ ਨੇ ਮੁੱਢਲੀ ਛਾਪੇਮਾਰੀ ਦੌਰਾਨ ਪਰਿਵਾਰ ਨੂੰ ਹੀ ਦੇ ਦਿੱਤਾ ਸੀ। ਇਹ ਪਿਸਤੌਲ ਅਤੇ ਗੋਲੀ ਦਾ ਖੋਲ ਚੰਡੀਗੜ੍ਹ ਪੁਲੀਸ ਨੇ ਫੋਰੈਂਸਿਕ ਸਾਇੰਸ ਲੈਬ ਵਿੱਚ ਜਾਂਚ ਲਈ ਦਿੱਤਾ ਹੈ।