ਕੇਂਦਰ ਸਰਕਾਰ ਵੱਲੋਂ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਲਈ ਲਿਆਂਦੀ ਗਈ ਨਵੀਂ ਯੋਜਨਾ ‘ਅਗਨੀਪਥ’ ਦੇ ਹੋ ਰਹੇ ਵਿਰੋਧ ਦਰਮਿਆਨ ਭਾਰਤੀ ਹਵਾਈ ਸੈਨਾ ਨੇ ਇਸ ਯੋਜਨਾ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਹੈ। ਅਗਨੀਪਥ ਸਕੀਮ ਦੇ ਤਹਿਤ ਭਾਰਤੀ ਹਵਾਈ ਸੈਨਾ ਵਿੱਚ 4 ਸਾਲਾਂ ਲਈ ਭਰਤੀ ਕੀਤੇ ਗਏ ਅਗਨੀਵੀਰਾਂ ਨੂੰ ਸਾਲ ਵਿੱਚ 30 ਦਿਨਾਂ ਦੀ ਛੁੱਟੀ ਮਿਲੇਗੀ। ਦੱਸ ਦਈਏ ਕਿ ਅਗਨੀਵੀਰਾਂ ਦਾ ਹਰ ਸਾਲ ਵੇਤਨ ਵਧੇਗਾ। 24 ਜੂਨ ਤੋਂ ਭਰਤੀ ਪ੍ਰਕਿਰਿਆ ਸ਼ੁਰੂ ਹੋਵੇਗੀ।
ਇਸ ਤੋਂ ਇਲਾਵਾ ਕੰਟੀਨ ਦੀ ਸਹੂਲਤ ਵੀ ਹੋਵੇਗੀ। ਉਨ੍ਹਾਂ ਨੂੰ ਵਰਦੀ ਤੋਂ ਇਲਾਵਾ ਹਵਾਈ ਸੈਨਾ ਵੱਲੋਂ ਬੀਮਾ ਕਵਰ ਵੀ ਦਿੱਤਾ ਜਾਵੇਗਾ। ਨੌਜਵਾਨ ਇਸ ਸਕੀਮ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਨੂੰ ‘ਅਗਨੀਪਥ ਯੋਜਨਾ’ ਤੋਂ ਜਾਣੂ ਕਰਵਾਉਣ ਲਈ ਕੇਂਦਰ ਸਰਕਾਰ ਅਤੇ ਤਿੰਨੋਂ ਸੈਨਾਵਾਂ ਲਗਾਤਾਰ ਕੰਮ ਕਰ ਰਹੀਆਂ ਹਨ। ਨੌਜਵਾਨਾਂ ਤੱਕ ਇਸ ਸਕੀਮ ਬਾਰੇ ਸਹੀ ਜਾਣਕਾਰੀ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਜੋ ਸਹੂਲਤਾਂ ਰੈਗੂਲਰ ਸੈਨਿਕਾਂ ਨੂੰ ਮਿਲਦੀਆਂ ਹਨ, ਉਹ ਅਗਨੀਵੀਰਾਂ ਨੂੰ ਦਿੱਤੀਆਂ ਜਾਣਗੀਆਂ। ਜਾਣਕਾਰੀ ਅਨੁਸਾਰ ਤਨਖ਼ਾਹ ਦੇ ਨਾਲ-ਨਾਲ ਅਗਨੀਵੀਰਾਂ ਨੂੰ ਹਾਰਡਸ਼ਿਪ ਭੱਤਾ, ਯੂਨੀਫਾਰਮ ਭੱਤਾ, ਕੰਟੀਨ ਸਹੂਲਤ ਅਤੇ ਮੈਡੀਕਲ ਸਹੂਲਤ ਵੀ ਮਿਲੇਗੀ। ਅਗਨੀਵੀਰਾਂ ਨੂੰ ਸੇਵਾ ਕਾਲ ਦੌਰਾਨ ਯਾਤਰਾ ਭੱਤਾ ਵੀ ਮਿਲੇਗਾ।
3 ਸੈਨਾਵਾਂ ‘’ਚੋਂ ਸਭ ਤੋਂ ਪਹਿਲਾਂ ਏਅਰਫੋਰਸ ਨੇ ਹੀ ਗਾਇਡਲਾਈਨਜ਼ ਜਾਰੀ ਕੀਤੀ ਹੈ। ਇਸਦੇ ਅਨੁਸਾਰ ਅਗਨੀਵੀਰਾਂ ਨੂੰ ਆਪਣੀ ਚਾਰ ਸਾਲ ਦੀ ਨੌਕਰੀ ਪੂਰੀ ਕਰਨੀ ਹੋਵੇਗੀ। ਇਸ ਤੋਂ ਪਹਿਲਾਂ ਉਹ ਫੋਰਸ ਨਹੀਂ ਛੱਡ ਸਕਦੇ। ਅਜਿਹਾ ਕਰਨ ਲਈ ਉਨ੍ਹਾਂ ਨੂੰ ਅਧਿਕਾਰੀ ਦੀ ਸਹਿਮਤੀ ਲੈਣੀ ਪਵੇਗੀ।