ਟੋਕੀਓ ਓਲੰਪਿਕ ’ਚ ਕਾਂਸੀ ਦਾ ਤਗ਼ਮਾ ਜਿੱਤ ਕੇ ਪੁਰਾਣਾ ਮਾਣ ਹਾਸਲ ਕਰਨ ਦੀ ਦਿਸ਼ਾ ’ਚ ਪਹਿਲਾ ਕਦਮ ਰੱਖ ਚੁੱਕੀ ਭਾਰਤੀ ਹਾਕੀ ਟੀਮ ਸਪੇਨ ਖ਼ਿਲਾਫ਼ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪਹਿਲੇ ਮੈਚ ’ਚ ਅੱਜ ਉੱਤਰੇਗੀ ਤਾਂ ਉਸ ਦਾ ਇਰਾਦਾ ਵਿਸ਼ਵ ਕੱਪ ’ਚ ਤਗ਼ਮੇ ਲਈ 48 ਸਾਲ ਦੀ ਉਡੀਕ ਖਤਮ ਕਰਨ ਦਾ ਹੋਵੇਗਾ।
ਓਲੰਪਿਕ ’ਚ ਅੱਠ ਸੋਨ ਤਗ਼ਮੇ ਜਿੱਤ ਚੁੱਕੀ ਭਾਰਤੀ ਟੀਮ ਨੇ ਇਕਲੌਤਾ ਵਿਸ਼ਵ ਕੱਪ 1975 ’ਚ ਕੁਆਲਾਲੰਪੁਰ ’ਚ ਅਜੀਤਪਾਲ ਸਿੰਘ ਦੀ ਕਪਤਾਨੀ ਵਿੱਚ ਜਿੱਤਿਆ ਸੀ। ਇਸ ਤੋਂ ਬਾਅਦ ਟੀਮ ਸੈਮੀਫਾਈਨਲ ’ਚ ਵੀ ਨਹੀਂ ਪਹੁੰਚ ਸਕੀ। ਇਸ ਤੋਂ ਪਹਿਲਾਂ 1971 ’ਚ ਪਹਿਲੇ ਵਿਸ਼ਵ ਕੱਪ ’ਚ ਭਾਰਤ ਨੇ ਕਾਂਸੀ ਤੇ 1973 ’ਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਤੋਂ ਬਾਅਦ 1978 ਤੋਂ 2014 ਤੱਕ ਭਾਰਤ ਗਰੁੱਪ ਗੇੜ ਤੋਂ ਅੱਗੇ ਨਹੀਂ ਜਾ ਸਕਿਆ। ਪਿਛਲੀ ਵਾਰ ਵੀ ਭੁਵਨੇਸ਼ਵਰ ’ਚ ਖੇਡੇ ਗਏ ਵਿਸ਼ਵ ਕੱਪ ’ਚ ਭਾਰਤ ਕੁਆਰਟਰ ਫਾਈਨਲ ’ਚ ਨੈਦਰਲੈਂਡਜ਼ ਤੋਂ ਹਾਰ ਕੇ ਬਾਹਰ ਹੋ ਗਿਆ ਸੀ।
ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਟੀਮ ਇਸ ਵਾਰ ਆਪਣੀ ਧਰਤੀ ’ਤੇ ਤਗ਼ਮੇ ਦੇ ਮਜ਼ਬੂਤ ਦਾਅਵੇਦਾਰਾਂ ’ਚੋਂ ਇੱਕ ਹੈ। ਆਲਮੀ ਦਰਜਾਬੰਦੀ ’ਚ ਛੇਵੇਂ ਸਥਾਨ ’ਤੇ ਕਾਬਜ਼ ਭਾਰਤ ਨੇ ਹਾਲ ਹੀ ਵਿੱਚ ਆਸਟਰੇਲੀਆ ਖ਼ਿਲਾਫ਼ ਪੰਜ ਮੈਚਾਂ ਦੀ ਲੜੀ ’ਚ ਚੰਗਾ ਪ੍ਰਦਰਸ਼ਨ ਕੀਤਾ ਸੀ ਹਾਲਾਂਕਿ ਉਸ ਨੂੰ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਗ੍ਰਾਹਮ ਰੀਡ ਦੀ ਟੀਮ ਨੇ ਆਸਟਰੇਲੀਆ ਵਰਗੀ ਮਜ਼ਬੂਤ ਟੀਮ ਨੂੰ ਇੱਕ ਮੈਚ ’ਚ ਹਰਾ ਕੇ ਛੇ ਸਾਲ ਬਾਅਦ ਉਸ ਖ਼ਿਲਾਫ਼ ਜਿੱਤ ਦਰਜ ਕੀਤੀ ਸੀ।
ਭਾਰਤ ਨੇ ਐੱਫਆਈਐੱਚ ਪ੍ਰੋ-ਲੀਗ ’ਚ ਵੀ 2021-22 ਸੈਸ਼ਨ ’ਚ ਤੀਜਾ ਸਥਾਨ ਹਾਸਲ ਕੀਤਾ ਸੀ। ਰੀਡ ਦੇ 2019 ’ਚ ਕੋਚ ਬਣਨ ਮਗਰੋਂ ਕੌਮਾਂਤਰੀ ਹਾਕੀ ’ਚ ਭਾਰਤ ਦਾ ਦਰਜਾ ਵਧਿਆ ਹੈ ਤੇ ਉਹ ਖਿਡਾਰੀਆਂ ਤੋਂ ਚੰਗਾ ਪ੍ਰਦਰਸ਼ਨ ਕਰਵਾਉਣ ’ਚ ਕਾਮਯਾਬ ਰਹੇ ਹਨ।
ਇਸ ਸਾਲ ਐੱਫਆਈਐੱਚ ਦਾ ਸਭ ਤੋਂ ਵਧੀਆ ਖਿਡਾਰੀ ਤੇ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਦੁਨੀਆ ਦੇ ਸਭ ਤੋਂ ਵਧੀਆ ਡਰੈਗ ਫਲਿੱਕਰਾਂ ’ਚੋਂ ਇੱਕ ਹੈ। ਉਸ ਤੋਂ ਇਲਾਵਾ ਤਜਰਬੇਕਾਰ ਗੋਲਕੀਪਰ ਪੀਆਰ ਸ੍ਰੀਜੇਸ਼, ਮਨਪ੍ਰੀਤ ਸਿੰਘ, ਹਾਰਦਿਕ ਸਿੰਘ ਤੇ ਮਨਦੀਪ ਸਿੰਘ ’ਤੇ ਕਾਮਯਾਬੀ ਦਾ ਦਾਰੋਮਦਾਰ ਹੋਵੇਗਾ।
ਭਾਰਤ ਦਾ ਮੁਕਾਬਲਾ ਅੱਜ ਸਪੇਨ ਨਾਲ ਹੋਵੇਗਾ ਅਤੇ ਮੇਜ਼ਬਾਨ ਟੀਮ ਦਾ ਇਰਾਦਾ ਜਿੱਤ ਨਾਲ ਸ਼ੁਰੂਆਤ ਕਰਨ ਦਾ ਹੋਵੇਗਾ ਤਾਂ ਜੋ ਕੁਆਰਟਰ ਫਾਈਨਲ ’ਚ ਸਿੱਧੀ ਥਾਂ ਬਣਾ ਸਕੇ।
ਵਿਸ਼ਵ ਰੈਂਕਿੰਗ ’ਚ ਅੱਠਵੇਂ ਸਥਾਨ ’ਤੇ ਕਾਬਜ਼ ਸਪੇਨ ਭਾਰਤ ਲਈ ਕਦੀ ਵੀ ਕਮਜ਼ੋਰ ਵਿਰੋਧੀ ਨਹੀਂ ਰਿਹਾ ਅਤੇ ਉਹ ਟੂਰਨਾਮੈਂਟ ਦੀ ਸਭ ਤੋਂ ਨੌਜਵਾਨ ਟੀਮਾਂ ’ਚੋਂ ਇੱਕ ਹੈ। ਸਪੇਨ 1971 ਤੇ 1998 ’ਚ ਉਪ ਜੇਤੂ ਰਿਹਾ ਤੇ 2006 ’ਚ ਉਸ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤ ਨੇ 1948 ਤੋਂ ਹੁਣ ਤੱਕ ਸਪੇਨ ਖ਼ਿਲਾਫ਼ 30 ’ਚੋਂ 13 ਅਤੇ ਸਪੇਨ ਨੇ 11 ਮੈਚ ਜਿੱਤੇ ਹਨ ਜਦਕਿ ਛੇ ਮੈਚ ਡਰਾਅ ਰਹੇ। ਭਾਰਤ ਤੇ ਸਪੇਨ ਵਿਚਾਲੇ ਮੈਚ ਅੱਜ ਸ਼ਾਮ 7 ਵਜੇ ਸ਼ੁਰੂ ਹੋਵੇਗਾ।