ਜੈਰੇਮੀ ਹੈਵਰਡ ਅਤੇ ਟੌਮ ਕ੍ਰੇਗ ਦੀ ਹੈਟ੍ਰਿਕ ਨਾਲ ਦੁਨੀਆਂ ਦੀ ਨੰਬਰ ਇੱਕ ਟੀਮ ਆਸਟਰੇਲੀਆ ਨੇ ਐੱਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪੁਲ ਏ ਦੇ ਮੈਚ ਵਿੱਚ ਫਰਾਂਸ ਨੂੰ 8-0 ਨਾਲ ਹਰਾਇਆ। ਕ੍ਰੇਗ ਨੇ ਅੱਠਵੇਂ, 31ਵੇਂ ਅਤੇ 44ਵੇਂ ਮਿੰਟ ਵਿੱਚ ਫੀਲਡ ਗੋਲ ਕੀਤੇ ਜਦਕਿ ਹੈਵਰਡ ਨੇ 12 ਮਿੰਟਾਂ ਵਿੱਚ ਤਿੰਨ ਗੋਲ ਦਾਗੇ। ਉਸ ਨੇ 26ਵੇਂ, 28ਵੇਂ ਅਤੇ 38ਵੇਂ ਮਿੰਟ ਵਿੱਚ ਪੈਨਲਟੀ ਕਾਰਨਰਾਂ ਰਾਹੀਂ ਇਹ ਗੋਲ ਕੀਤੇ।
ਅਰਜਨਟੀਨਾ ਤੇ ਦੱਖਣੀ ਅਫਰੀਕਾ ਦੇ ਖਿਡਾਰੀ ਗੋਲ ਲਈ ਭਿੜਦੇ ਹੋਏ
ਇਸ ਤੋਂ ਪਹਿਲਾਂ ਸਾਬਕਾ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ ਦੁਨੀਆਂ ਦੀ 14ਵੇਂ ਨੰਬਰ ਦੀ ਟੀਮ ਦੱਖਣੀ ਅਫਰੀਕਾ ਨੇ ਸਖ਼ਤ ਚੁਣੌਤੀ ਦਿੱਤੀ, ਹਾਲਾਂਕਿ ਅਰਜਨਟੀਨਾ ਨੇ ਇਹ ਮੈਚ 1-0 ਨਾਲ ਜਿੱਤ ਲਿਆ। ਪਹਿਲੇ ਦੋ ਕੁਆਰਟਰਾਂ ਵਿੱਚ ਦੋਵਾਂ ਟੀਮਾਂ ਨੇ ਕੋਈ ਗੋਲ ਨਹੀਂ ਕੀਤਾ। ਰੀਓ ਓਲੰਪਿਕ 2016 ਦੀ ਚੈਂਪੀਅਨ ਅਰਜਨਟੀਨਾ ਲਈ ਕੈਸੇਲਾ ਮਾਇਕੋ ਨੇ 42ਵੇਂ ਮਿੰਟ ਵਿੱਚ ਗੋਲ ਕੀਤਾ।
ਹੁਣ ਅਰਜਨਟੀਨਾ ਦਾ ਸਾਹਮਣਾ 16 ਜਨਵਰੀ ਨੂੰ ਵਿਸ਼ਵ ਦੀ ਨੰਬਰ ਇਕ ਟੀਮ ਆਸਟਰੇਲੀਆ ਨਾਲ ਹੋਵੇਗਾ ਜਦਕਿ ਦੱਖਣੀ ਅਫਰੀਕਾ ਦਾ ਸਾਹਮਣਾ ਫਰਾਂਸ ਨਾਲ ਹੋਵੇਗਾ। ਇਸੇ ਤਰ੍ਹਾਂ ਬਿਰਸਾ ਮੁੰਡਾ ਕੌਮਾਂਤਰੀ ਸਟੇਡੀਅਮ ਵਿੱਚ ਗਰੁੱਪ ਡੀ ਦੇ ਮੈਚ ਵਿੱਚ ਇੰਗਲੈਂਡ ਨੇ ਵੇਲਜ਼ ਨੂੰ 5-0 ਨਾਲ ਹਰਾਇਆ।