ਹਾਈਕੋਰਟ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਥਾਣਾ ਸਰਾਭਾ ਨਗਰ ਵਿਚ ਤਾਇਨਾਤ ਸਾਬਕਾ ਐੱਸਐੱਚਓ ਇੰਸਪੈਕਟਰ ਅਮਨਜੋਤ ਕੌਰ ਦੀ ਮੁਅੱਤਲੀ ‘ਤੇ ਰੋਕ ਲਗਾਈ ਗਈ ਹੈ। ਮੁਅੱਤਲ ਕੀਤੇ ਜਾਣ ਤੋਂ ਬਾਅਦ ਇੰਸਪੈਕਟਰ ਵੱਲੋਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਹਾਈਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਕੋਰਟ ਨੇ ਇਹ ਹੁਕਮ ਜਾਰੀ ਕੀਤਾ। ਇਸ ਮਾਮਲੇ ਦੀ ਅਗਲੀ ਸੁਣਵਾਈ 22 ਮਾਰਚ 2023 ਨੂੰ ਹੋਵੇਗੀ।
ਹਾਈਕੋਰਟ ਵਿੱਚ ਪਾਈ ਗਈ ਪਟੀਸ਼ਨ ਵਿੱਚ ਇੰਸਪੈਕਟਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕਿਸੇ ਤੋਂ ਕੋਈ ਰਿਸ਼ਵਤ ਨਹੀਂ ਲਈ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਮੁਅੱਤਲੀ ਤੋਂ ਪਹਿਲਾਂ ਉਸ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ ਅਤੇ ਨਾ ਹੀ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ। ਉਸ ਨੂੰ ਅਚਾਨਕ ਮੁਅੱਤਲ ਕਰ ਦਿੱਤਾ ਗਿਆ ਅਤੇ ਉਸ ਵਿਰੁੱਧ ਵਿਭਾਗੀ ਜਾਂਚ ਵੀ ਕੀਤੀ ਗਈ। ਅਦਾਲਤ ਦੇ ਹੁਕਮਾਂ ਤੋਂ ਬਾਅਦ ਉਸ ਨੂੰ ਅਜੇ ਤੱਕ ਪੋਸਟਿੰਗ ਨਹੀਂ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਇੰਸਪੈਕਟਰ ਅਮਨਜੋਤ ਕੌਰ ਨੂੰ ਇੱਕ ਸਾਲ ਪੁਰਾਣੇ ਕੇਸ ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਮੁਹਾਲੀ ਵਿੱਚ ਸਾਈਬਰ ਕਰਾਈਮ ਸੈੱਲ ਵਿੱਚ ਤਾਇਨਾਤ ਸੀ। ਉਸ ਉਤੇ 9 ਦਸੰਬਰ, 2021 ਨੂੰ ਪਿੰਡ ਸੈਣੀ ਮਾਜਰਾ ਦੇ ਵਾਸੀ ਵੱਲੋਂ ਦਰਜ ਕਰਵਾਏ ਗਏ ਕੇਸ ਵਿੱਚ 1 ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਗਿਆ ਸੀ।