ਦੇਸ਼ ਦੇ ਕਈ ਰਾਜਾਂ ਵਿੱਚ ਮੀਂਹ ਨੇ ਜਾਨ-ਮਾਲ ਦਾ ਬਹੁਤ ਨੁਕਸਾਨ ਕੀਤਾ ਹੈ। ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਸਮੇਤ ਉੱਤਰੀ ਅਤੇ ਉੱਤਰ-ਪੱਛਮੀ ਭਾਰਤ ਦੇ ਕਈ ਰਾਜਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਤਾਮਿਲਨਾਡੂ, ਕੇਰਲ, ਕਰਨਾਟਕ ਅਤੇ ਉੱਤਰੀ ਭਾਰਤ ਦੇ 6 ਰਾਜਾਂ ‘ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ।
ਹਿਮਾਚਲ ‘ਚ ਮੀਂਹ ਦੌਰਾਨ ਡੁੱਬਣ, ਜ਼ਮੀਨ ਖਿਸਕਣ, ਸੜਕ ਹਾਦਸੇ ਕਾਰਨ ਹੁਣ ਤੱਕ 133 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਕ ਮਹੀਨੇ ਵਿੱਚ 450 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉੱਤਰਾਖੰਡ ਦੇ ਨੈਨੀਤਾਲ ‘ਚ ਸ਼ੁੱਕਰਵਾਰ ਨੂੰ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਦੇ ਨਾਲ ਹੀ ਜੰਮੂ ‘ਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਫੌਜ ਨੇ ਪੁੰਛ ਨਦੀ ‘ਚ ਫਸੇ 30 ਲੋਕਾਂ ਨੂੰ ਬਚਾਇਆ ਹੈ।
ਜੰਮੂ-ਕਸ਼ਮੀਰ ਦੇ ਅਖਨੂਰ ‘ਚ ਚਨਾਬ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਅਤੇ ਨੀਵੇਂ ਇਲਾਕਿਆਂ ‘ਚ ਹੜ੍ਹ ਆਉਣ ਦੀ ਸੰਭਾਵਨਾ ਹੈ।
ਪੁੰਛ ਜ਼ਿਲੇ ‘ਚ ਆਏ ਹੜ੍ਹ ‘ਚ 30 ਲੋਕ ਫਸ ਗਏ ਸਨ, ਜਿਸ ਤੋਂ ਬਾਅਦ ਫੌਜ ਨੇ ਬਚਾਅ ਮੁਹਿੰਮ ਸ਼ੁਰੂ ਕੀਤੀ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਅਤੇ ਪੁਲਿਸ ਦੀ ਮਦਦ ਨਾਲ ਉਨ੍ਹਾਂ ਦੀ ਜਾਨ ਬਚਾਈ ਗਈ।
ਇਸਦੇ ਨਾਲ ਹੀ ਦੱਸ ਦਈਏ ਕਿ ਹਿਮਾਚਲ ‘ਚ ਭਾਰੀ ਮੀਂਹ ਕਾਰਨ 24 ਘੰਟਿਆਂ ਵਿੱਚ 6 ਮੌਤਾਂ, 10 ਲੋਕ ਲਾਪਤਾ ਹਨ। ਮੌਸਮ ਵਿਭਾਗ ਨੇ 1 ਅਗਸਤ ਤੱਕ ਸੂਬੇ ਦੇ ਜ਼ਿਆਦਾਤਰ ਹਿੱਸਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ। 2 ਅਗਸਤ ਤੋਂ ਬਾਅਦ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।
ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੀ ਰਿਪੋਰਟ ਮੁਤਾਬਕ ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 10 ਲੋਕ ਲਾਪਤਾ ਹੋ ਗਏ ਹਨ। ਇਸ ਤੋਂ ਇਲਾਵਾ 17 ਘਰਾਂ ਅਤੇ 8 ਗਊਸ਼ਾਲਾਵਾਂ ਨੂੰ ਨੁਕਸਾਨ ਪੁੱਜਾ ਹੈ, 11 ਕੱਚੇ ਮਕਾਨ ਮੀਂਹ ਨਾਲ ਢਹਿ ਗਏ ਹਨ, ਜਦਕਿ 2 ਪੱਕੇ ਅਤੇ 4 ਕੱਚੇ ਮਕਾਨਾਂ ਨੂੰ ਅੰਸ਼ਿਕ ਨੁਕਸਾਨ ਹੋਇਆ ਹੈ।