ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ, ਅਮਰਿੰਦਰ ਸਿੰਘ ਅਰੋੜਾ, ਮੋਹਨਜੀਤ ਸਿੰਘ ਪਾਣੀਪਤ ਅਤੇ ਸਾਥੀਆਂ ਦੀ ਆਪਸ ਵਿੱਚ ਬਣੀ ਸਹਿਮਤੀ ਬਣ ਗਈ ਹੈ। ਹਰਿਆਣਾ ਨਿਵਾਸ ਚੰਡੀਗੜ੍ਹ ਵਿੱਚ ਇਸ ਸਬੰਧੀ ਮੀਟਿੰਗ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਦੱਸਿਆ ਕਿ ਹਰਿਆਣਾ ਕਮੇਟੀ ਪਹਿਲਾਂ ਦੀ ਤਰ੍ਹਾਂ ਕੰਮ ਕਰੇਗੀ।
ਫੈਸਲਾ ਗੁਰਦੁਆਰਾ ਐਕਟ ਅਨੁਸਾਰ ਲਿਆ ਜਾਵੇਗਾ ਤੇ ਕੋਈ ਗੈਰਕਨੂੰਨੀ ਕੰਮ ਨਹੀ ਹੋਵੇਗਾ। ਹਰਿਆਣਾ ਕਮੇਟੀ ਗੁਰਦੁਆਰਿਆਂ ਦੀ ਸੇਵਾ ਇੱਕਮੁੱਠ ਹੋ ਕੇ ਸੰਭਾਲੇਗੀ। 9 ਅਕਤੂਬਰ ਨੂੰ ਗੁਰਦੁਆਰਾ ਨਾਢਾ ਸਾਹਿਬ ਗੁਰੂ ਦਾ ਸ਼ੁਕਰਾਨਾ ਸਮਾਗਮ ਕੀਤਾ ਜਾਵੇਗਾ। ਉਸ ਤੋਂ ਬਾਅਦ ਅਗਲੀ ਰੂਪ ਰੇਖਾ ਦਾ ਐਲਾਨ ਹੋਵੇਗਾ।
ਇਸ ਤੋਂ ਪਹਿਲਾਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਕਾਰਜਕਾਰੀ ਸੂਬਾਈ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਐੱਚਐੱਸਜੀਐੱਮਸੀ ਦੇ ਹੱਕ ਵਿੱਚ ਫੈਸਲਾ ਆਉਣ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਨੂੰ ਸੂਬੇ ਦੇ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਐੱਚਐੱਸਜੀਐੱਮਸੀ ਹਵਾਲੇ ਕਰਨਾ ਚਾਹੀਦਾ ਹੈ।
ਦੀਦਾਰ ਸਿੰਘ ਨਲਵੀ ਸੋਮਵਾਰ ਦੇਰ ਸ਼ਾਮ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਇੰਸਪੈਕਟਰ ਨੇ ਹਰਿਆਣਾ ਦੇ ਕੁਝ ਗੁਰਦੁਆਰਿਆਂ ਸਮੇਤ ਕੁਰੂਕਸ਼ੇਤਰ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿੱਚ ਗੋਲਕ ਦੇ ਚੜ੍ਹਾਵੇ ਦੀ ਗਿਣਤੀ ਕੀਤੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਇੱਥੋਂ ਦੀ ਗੋਲਕ ਨੂੰ ਹੜੱਪਣਾ ਚਾਹੁੰਦੀ ਹੈ। ਉਨ੍ਹਾਂ ਸਰਕਾਰ ਤੋਂ ਹਰਿਆਣਾ ਦੇ ਗੁਰਦੁਆਰਿਆਂ ਵਿੱਚ ਪਹਿਰਾ ਵਧਾਉਣ ਦੀ ਮੰਗ ਕੀਤੀ।