ਹਰਿਆਣਾ: ਡਾਕਟਰ ਦੇ ਕਤਲ ਤੇ ਲੁੱਟ-ਖੋਹ ਮਾਮਲੇ ‘ਚ 5 ਮੁਲਜ਼ਮ ਗ੍ਰਿਫਤਾਰ

0
6

ਹਰਿਆਣਾ ਦੇ ਕੁਰੂਕਸ਼ੇਤਰ ‘ਚ ਬੀਤੇ ਦਿਨੀ ਇੱਕ ਡਾਕਟਰ ਦਾ ਕਤਲ ਹੋ ਗਿਆ ਸੀ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਹਰਿਆਣਾ ਦੇ ਕੁਰੂਕਸ਼ੇਤਰ ਦੇ ਸੈਕਟਰ 13 ਵਿਚ ਸੋਮਵਾਰ ਦੇਰ ਰਾਤ ਲੁੱਟ ਦੀ ਨੀਅਤ ਨਾਲ ਘਰ ਵਿਚ ਦਾਖਲ ਹੋਏ ਬਦਮਾਸ਼ਾਂ ਨੇ ਨਾਮੀ ਡਾਕਟਰ ਵਨੀਤਾ ਅਰੋੜਾ ਦਾ ਕਤਲ ਕਰ ਦਿੱਤਾ ਸੀ। ਡਾ: ਵਨੀਤਾ ਅਰੋੜਾ ਅਤੇ ਡਾ: ਅਤੁਲ ਅਰੋੜਾ ਦਾ ਸੈਕਟਰ 13 ਵਿੱਚ ਆਪਣਾ ਨਿੱਜੀ ਕਲੀਨਿਕ ਹੈ।

ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਦੇ 15 ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਸਾਰੇ ਦੋਸ਼ੀਆਂ ਨੂੰ ਕਾਬੂ ਕਰ ਲਿਆ। ਕੁਰੂਕਸ਼ੇਤਰ ਦੇ ਐਸਪੀ ਸੁਰਿੰਦਰ ਸਿੰਘ ਭੋਰੀਆ ਨੇ ਦੱਸਿਆ ਕਿ 9 ਜਨਵਰੀ ਨੂੰ ਸੈਕਟਰ-13 ਹੁੱਡਾ ਦੇ ਰਹਿਣ ਵਾਲੇ ਡਾਕਟਰ ਅਤੁਲ ਅਰੋੜਾ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਕੋਠੀ ਨੰਬਰ-105 ਵਿੱਚ ਗਰਾਊਂਡ ਫਲੋਰ ’ਤੇ ਉਸ ਦਾ ਕਲੀਨਿਕ ਹੈ ਅਤੇ ਉਸ ਦੀ ਰਿਹਾਇਸ਼ ਇਸ ਘਰ ਦੇ ਉੱਪਰ। ਇਥੇ ਮਾਤਾ-ਪਿਤਾ ਅਤੇ ਪਤਨੀ ਵਨੀਤਾ ਅਰੋੜਾ ਰਹਿੰਦੇ ਸਨ।

9 ਜਨਵਰੀ ਦੀ ਰਾਤ 9.20 ਵਜੇ ਜਦੋਂ ਉਹ ਆਪਣੇ ਮਾਤਾ-ਪਿਤਾ ਦੇ ਕਮਰੇ ਵਿਚ ਗਿਆ ਤਾਂ ਉਸੇ ਸਮੇਂ ਉਸ ਨੂੰ ਪਤਨੀ ਵਨੀਤਾ ਦੀਆਂ ਚੀਕਾਂ ਸੁਣਾਈ ਦਿੱਤੀਆਂ। ਜਦੋਂ ਉਹ ਕਮਰੇ ‘ਚੋਂ ਬਾਹਰ ਆਇਆ ਤਾਂ ਦੋ ਲੜਕਿਆਂ ਨੇ ਉਸ ਦੇ ਸਿਰ ‘ਤੇ ਪਿਸਤੌਲ ਰੱਖ ਕੇ ਉਸ ਨੂੰ ਡਰਾਇੰਗ ਰੂਮ ‘ਚ ਧੱਕਾ ਦੇ ਕੇ ਬਿਠਾ ਦਿੱਤਾ। ਉਹ ਪੈਸਿਆਂ ਅਤੇ ਗਹਿਣਿਆਂ ਬਾਰੇ ਪੁੱਛਣ ਲੱਗੇ। ਇਸ ‘ਤੇ ਉਸ ਨੇ ਆਪਣੀ ਜੇਬ ‘ਚੋਂ ਕਰੀਬ 1 ਲੱਖ ਰੁਪਏ ਕੱਢ ਕੇ ਦੇ ਦਿੱਤੇ।

ਕਰੀਬ 15 ਮਿੰਟ ਤੱਕ ਉਹ ਨੌਜਵਾਨ ਉਸ ਨੂੰ ਕੁੱਟਦੇ ਰਹੇ ਅਤੇ ਪੈਸਿਆਂ ਬਾਰੇ ਪੁੱਛਦੇ ਰਹੇ। ਉਸ ਨੇ ਮੰਦਰ ਅਤੇ ਅਲਮਾਰੀ ਵਿੱਚ ਰੱਖੇ ਗਹਿਣਿਆਂ ਬਾਰੇ ਵੀ ਪੁੱਛਿਆ। ਉਸ ਨੇ ਕਿਸੇ ਤਰ੍ਹਾਂ ਆਪਣੇ-ਆਪ ਨੂੰ ਬਚਾਇਆ ਅਤੇ ਆਪਣੇ ਮਾਤਾ-ਪਿਤਾ ਦੇ ਕਮਰੇ ‘ਚ ਦਾਖਲ ਹੋ ਕੇ ਕੁੰਡੀ ਨੂੰ ਅੰਦਰੋਂ ਬੰਦ ਕਰ ਲਿਆ।

ਮੁਲਜ਼ਮਾਂ ਨੇ ਘਰ ਦੇ ਫ਼ੋਨ ਅਤੇ ਇੰਟਰਕਾਮ ਦੀਆਂ ਤਾਰਾਂ ਤੋੜ ਦਿੱਤੀਆਂ ਸਨ। ਉਹ ਪਿਛਲੇ ਦਰਵਾਜ਼ੇ ਤੋਂ ਬਾਹਰ ਨਿਕਲ ਕੇ ਨਾਲ ਲੱਗਦੇ ਸਕੂਲ ਵਿੱਚ ਛਾਲ ਮਾਰ ਗਿਆ। ਸਾਰੀ ਗੱਲ ਗੁਆਂਢੀਆਂ ਨੂੰ ਦੱਸੀ ਤੇ ਗੁਆਂਢੀਆਂ ਨੇ ਮੌਕੇ ‘ਤੇ ਪੁਲਿਸ ਨੂੰ ਬੁਲਾਇਆ। ਜਦੋਂ ਉਹ ਪੁਲਿਸ ਨੂੰ ਲੈ ਕੇ ਉਪਰ ਗਿਆ ਤਾਂ ਉਸ ਦੀ ਪਤਨੀ ਮ੍ਰਿਤਕ ਪਈ ਸੀ ਅਤੇ ਘਰ ਵਿੱਚ ਰੱਖੇ ਗਹਿਣੇ ਗਾਇਬ ਸਨ। ਮੁਲਜ਼ਮ ਉਸ ਦੀ ਮਾਂ ਦੇ ਪਹਿਨੇ ਸੋਨੇ ਦੇ ਗਹਿਣੇ ਵੀ ਲੈ ਗਏ। ਇਸ ‘ਤੇ ਥਾਣਾ ਥਾਨੇਸਰ ‘ਚ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਥਾਨੇਸਰ ਸਿਟੀ ਦੇ ਸਬ-ਇੰਸਪੈਕਟਰ ਸਤੀਸ਼ ਕੁਮਾਰ ਨੂੰ ਸੌਂਪੀ ਗਈ ਹੈ।

ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਚਾਰ ਮੁਲਜ਼ਮ ਕੈਥਲ ਦੇ ਰਹਿਣ ਵਾਲੇ ਹਨ ਅਤੇ ਇੱਕ ਅਲੀਗੜ੍ਹ ਜ਼ਿਲ੍ਹੇ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਮੁਲਜ਼ਮਾਂ ਕੋਲੋਂ ਲੁੱਟੀ ਗਈ ਨਕਦੀ ਅਤੇ ਗਹਿਣੇ ਬਰਾਮਦ ਕੀਤੇ ਜਾ ਸਕਣ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 4 ਦੇਸੀ ਪਿਸਤੌਲ, 315 ਬੋਰ ਅਤੇ 01 ਦੇਸੀ ਪਿਸਤੌਲ ਬਰਾਮਦ ਕੀਤੇ ਗਏ ਹਨ।

ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਜਦੋਂ ਕ੍ਰਾਈਮ ਬ੍ਰਾਂਚ ਦੀ ਟੀਮ ਪਿਹੋਵਾ ਤੋਂ ਢੰਡ ਰੋਡ ‘ਤੇ ਦੋਸ਼ੀਆਂ ਦਾ ਪਿੱਛਾ ਕਰ ਰਹੀ ਸੀ ਤਾਂ ਉਨ੍ਹਾਂ ਨੇ ਪੁਲਿਸ ਟੀਮ ‘ਤੇ ਗੋਲੀਆਂ ਚਲਾ ਦਿੱਤੀਆਂ। ਜਵਾਬ ‘ਚ ਜਦੋਂ ਪੁਲਿਸ ਟੀਮ ਨੇ ਦੋਸ਼ੀਆਂ ‘ਤੇ ਫਾਇਰਿੰਗ ਕੀਤੀ ਤਾਂ ਇਕ ਦੋਸ਼ੀ ਦੀ ਲੱਤ ‘ਚ ਗੋਲੀ ਲੱਗੀ, ਉਸ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

LEAVE A REPLY

Please enter your comment!
Please enter your name here