ਅੱਜ ਅਧਿਆਪਕ ਦਿਵਸ ਹੈ। ਇਹ ਦਿਨ ਸਿੱਖਿਆ ਵਿਦਵਾਨਾਂ ਅਤੇ ਸਾਬਕਾ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਦੇ ਮੌਕੇ ‘ਤੇ ਮਨਾਇਆ ਜਾਂਦਾ ਹੈ। ਇਸ ਮੌਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੀ ਜਯੰਤੀ ’ਤੇ ਉਨ੍ਹਾਂ ਦੀ ਮੂਰਤੀ ‘ਤੇ ਫੁੱਲ ਭੇਟ ਕੀਤੇ।
ਅਧਿਆਪਕ ਦਿਵਸ ਮੌਕੇ ਨਵੀਂ ਦਿੱਲੀ ‘ਚ ਆਯੋਜਿਤ ਇਕ ਸਮਾਗਮ ‘ਚ ਰਾਸ਼ਟਰਪਤੀ ਮੂਰਮੁ ਨੇ ਦੇਸ਼ ਭਰ ‘ਚੋਂ ਚੁਣੇ ਗਏ 46 ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਰਾਸ਼ਟਰੀ ਅਧਿਆਪਕ ਪੁਰਸਕਾਰ 2022 ਅਧਿਆਪਕਾਂ ਨੂੰ ਸਕੂਲੀ ਸਿੱਖਿਆ ’ਚ ਉਨ੍ਹਾਂ ਦੇ ਵੱਡਮੁਲੇ ਯੋਗਦਾਨ ਲਈ ਦਿੱਤਾ ਗਿਆ।
ਇਸ ਮੌਕੇ ਰਾਸ਼ਟਰਪਤੀ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਦੇ ਮੁੱਖ ਅਧਿਆਪਕ ਹਰਪ੍ਰੀਤ ਸਿੰਘ ਨੂੰ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਪੰਜਾਬ ਦਾ ਪਹਿਲਾ ਸਮਾਰਟ ਸਕੂਲ ਹੋਣ ਦਾ ਮਾਣ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਨੂੰ ਪ੍ਰਾਪਤ ਹੋਇਆ ਹੈ। ਹਰਪ੍ਰੀਤ ਸਿੰਘ ਨੇ ਆਪਣੇ ਜਨੂੰਨ ਅਤੇ ਸ਼ਿੱਦਤ ਨਾਲ ਇਸ ਸਕੂਲ ਲਈ ਕੰਮ ਕੀਤਾ ਹੈ। ਜਿਸ ਕਰਕੇ ਇਸ ਸਰਕਾਰੀ ਸਕੂਲ ਵੱਡੇ ਵੱਡੇ ਨਿੱਜੀ ਸਕੂਲਾਂ ਨੂੰ ਵੀ ਮਾਤ ਪਾਉਂਦਾ ਹੈ। ਇਸ ਸਕੂਲ ਦੀ ਸ਼ਾਨਦਾਰ ਇਮਾਰਤ ਤੋਂ ਇਲਾਵਾ ਹਰ ਕਲਾਸ ਵਿਚ ਐੱਲਈਡੀ, ਪ੍ਰੋਜੈਕਟਰ, ਕੰਪਿਊਟਰ ਮੌਜੂਦ ਹਨ ਤਾਂ ਕਿ ਬੱਚਿਆਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਸਮਾਰਟ ਪੜ੍ਹਾਈ ਕਰਵਾਈ ਜਾ ਸਕੇ।
ਸਕੂਲ ਵਿੱਚ ਸਪੈਸ਼ਲ ਐਜੂਕੇਸ਼ਨ ਪਾਰਕ, ਲਿਸਨਿੰਗ ਲੈਬ, ਈ-ਲਾਇਬਰੇਰੀ, ਕਿੰਡਰਗਾਰਟਨ ਬਣਾਏ ਗਏ ਹਨ। ਸਕੂਲ ਦੇ ਬੱਚੇ ਸਹਿ ਵਿੱਦਿਅਕ ਪ੍ਰੀਖਿਆਵਾਂ ਵਿੱਚ ਸੂਬਾ ਪੱਧਰ ‘ਤੇ ਪ੍ਰਾਪਤੀਆਂ ਹਾਸਿਲ ਕਰਦੇ ਆ ਰਹੇ ਹਨ। ਮੁੱਖ ਅਧਿਆਪਕਾ ਹਰਪ੍ਰੀਤ ਸਿੰਘ ਦੀਵਾਨਾ ਦੀ ਮਿਹਨਤ ਸਦਕਾ ਉਨ੍ਹਾਂ ਨੂੰ ਰਾਸ਼ਟਰਪਤੀ ਐਵਾਰਡ ਲਈ ਚੁਣਿਆ ਗਿਆ ।
ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਅਧਿਆਪਕ ਸਿਰਫ਼ ਵਿਸ਼ਿਆਂ ਦਾ ਅਧਿਐਨ ਨਹੀਂ ਕਰਾਉਂਦੇ ਸਗੋਂ ਉਹ ਵਿਦਿਆਰਥੀਆਂ ਨੂੰ ਜ਼ਿੰਦਗੀ ਦੀਆਂ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨਾ ਵੀ ਸਿਖਾਉਂਦੇ ਹਨ।