ਹਰਭਜਨ ਸਿੰਘ ਈ.ਟੀ.ਓ. ਵੱਲੋਂ ‘ਰਾਸ਼ਟਰੀ ਇੰਜੀਨੀਅਰਜ਼ ਦਿਵਸ’ ਮੌਕੇ ਇੰਜੀਨੀਅਰਜ਼ ਨੂੰ ਵਧਾਈ

0
259

ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ‘ਰਾਸ਼ਟਰੀ ਇੰਜੀਨੀਅਰਜ਼ ਦਿਵਸ’ (15 ਸਤੰਬਰ) ਦੀ ਪੰਜਾਬ ਅਤੇ ਦੇਸ਼ ਦੇ ਸਮੂਹ ਇੰਜੀਨੀਅਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੰਜੀਨੀਅਰ ਭਾਈਚਾਰੇ ਦੀ ਮਿਹਨਤ ਸਦਕਾ ਜ਼ਿੰਦਗੀ ਸੁਖਾਲੀ ਹੋਈ ਹੈ ਅਤੇ ਵਿਕਾਸ ਨੇ ਰਫ਼ਤਾਰ ਫੜ੍ਹੀ ਹੈ। ਉਨ੍ਹਾਂ ਕਿਹਾ ਕਿ ਇੰਜੀਨੀਅਰਜ਼ ਵੱਲੋਂ ਦਿੱਤੀਆਂ ਸਾਲਾਂਬੱਧੀ ਬੇਮਿਸਾਲ ਸੇਵਾਵਾਂ ਸਦਕਾ ਸੂਬਾ ਅਤੇ ਦੇਸ਼ ਵੱਖ-ਵੱਖ ਖੇਤਰਾਂ ‘ਚ ਤਰੱਕੀ ਦੇ ਯੋਗ ਹੋ ਸਕਿਆ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਦਿਨ ਮਹਾਨ ਭਾਰਤੀ ਇੰਜੀਨੀਅਰ, ‘ਭਾਰਤ ਰਤਨ’ ਸਰ ਮੋਕਸ਼ਗੁੰਡਮ ਵਿਸ਼ਵੇਸ਼ਵਰੱਈਆ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਅਤੇ ਸਨਮਾਨਿਤ ਕਰਨ ਲਈ ਭਾਰਤ ਦੇ ਨਾਲ-ਨਾਲ ਸ਼੍ਰੀਲੰਕਾ ਅਤੇ ਤਨਜ਼ਾਨੀਆ ਵੱਲੋਂ ‘ਰਾਸ਼ਟਰੀ ਇੰਜੀਨੀਅਰ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਇੰਜੀਨੀਅਰਜ਼ ਦੇ ਮਹਾਨ ਕੰਮਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਸੁਧਾਰ ਅਤੇ ਨਵੀਨਤਾ ਲਈ ਉਤਸ਼ਾਹਿਤ ਕਰਨ ਲਈ ਮਨਾਇਆ ਵੀ ਜਾਂਦਾ ਹੈ।

ਸਰ ਐਮ. ਵਿਸ਼ਵੇਸ਼ਵਰੱਈਆ ਨੂੰ ਯਾਦ ਕਰਦਿਆਂ ਮੰਤਰੀ ਨੇ ਕਿਹਾ ਕਿ ਇਸ ਸਾਲ ਉਨ੍ਹਾਂ ਦੀ 161 ਵੀਂ ਜਨਮ ਵਰ੍ਹੇਗੰਢ ਹੈ, ਉਨ੍ਹਾਂ ਦਾ ਜਨਮ 15 ਸਤੰਬਰ, 1861 ਨੂੰ ਕਰਨਾਟਕ ਦੇ ਮੁਦੇਨਹੱਲੀ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਨੇ ਪੁਣੇ ਦੇ ਕਾਲਜ ਆਫ਼ ਸਾਇੰਸ ਵਿੱਚ ਸਿਵਲ ਇੰਜੀਨੀਅਰਿੰਗ ਕੀਤੀ। ਉਹ ਭਾਰਤ ਦੇ ਸਭ ਤੋਂ ਉੱਤਮ ਸਿਵਲ ਇੰਜੀਨੀਅਰ, ਡੈਮ ਨਿਰਮਾਤਾ, ਅਰਥ ਸ਼ਾਸਤਰੀ, ਕੂਟਨੀਤੀਵਾਨ ਬਣੇ, ਜਿਨ੍ਹਾਂ ਨੂੰ ਪਿਛਲੀ ਸਦੀ ਦੇ ਪ੍ਰਮੁੱਖ ਰਾਸ਼ਟਰ-ਨਿਰਮਾਤਾਵਾਂ ਵਿੱਚ ਗਿਣਿਆ ਜਾ ਸਕਦਾ ਹੈ।

ਮੰਤਰੀ ਨੇ ਦੱਸਿਆ ਕਿ ਸਮਾਜ ਵਿੱਚ ਸ਼ਾਨਦਾਰ ਯੋਗਦਾਨ ਦੇ ਕਾਰਨ ਭਾਰਤ ਸਰਕਾਰ ਨੇ ਸਰ ਐਮ. ਵਿਸ਼ਵੇਸ਼ਵਰੱਈਆ ਨੂੰ ਸਾਲ 1955 ਵਿੱਚ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਸੀ। ਉਨ੍ਹਾਂ ਨੂੰ ਕਿੰਗ ਜਾਰਜ ਪੰਜਵੇਂ ਨੇ ਬ੍ਰਿਟਿਸ਼ ਨਾਈਟਹੁੱਡ ਨਾਲ ਸਨਮਾਨਿਤ ਕੀਤਾ ਸੀ ਅਤੇ ਸਨਮਾਨਯੋਗ ਉਪਾਧੀ ‘ਸਰ’ ਨਾਲ ਵੀ ਨਿਵਾਜਿਆ ਸੀ। ਜਲ ਸਰੋਤਾਂ ਦੀ ਵਰਤੋਂ ਵਿੱਚ ਯੋਗਦਾਨ ਲਈ ਸਰ ਵਿਸ਼ਵੇਸ਼ਵਰੱਈਆ ਨੂੰ ਯਾਦ ਕਰਦਿਆਂ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਭਰ ਵਿੱਚ ਡੈਮਾਂ ਦੇ ਨਿਰਮਾਣ ਅਤੇ ਮਜ਼ਬੂਤੀ ਲਈ ਬੇਮਿਸਾਲ ਯੋਗਦਾਨ ਪਾਇਆ ਹੈ।

ਜ਼ਿਕਰਯੋਗ ਹੈ ਕਿ ਸਰ ਵਿਸ਼ਵੇਸ਼ਵਰੱਈਆ ਨੂੰ ਬਹੁਤ ਸਾਰੇ ਖੇਤਰਾਂ ਦੇ ਨਾਲ-ਨਾਲ ਸਿੱਖਿਆ ਅਤੇ ਇੰਜੀਨੀਅਰਿੰਗ ਵਿਸ਼ੇਸ਼ ਮਾਨਤਾ ਪ੍ਰਾਪਤ ਹੋਈ। ਅਨੇਕਾਂ ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਵਾਂ ਦੇ ਨਾਂ ਜਿਨ੍ਹਾਂ ਵਿੱਚ, ਵਿਸ਼ਵੇਸ਼ਵਰੱਈਆ ਟੈਕਨੋਲੋਜੀਕਲ ਯੂਨੀਵਰਸਿਟੀ, ਯੂਨੀਵਰਸਿਟੀ ਵਿਸ਼ਵੇਸ਼ਵਰੱਈਆ ਕਾਲਜ ਆਫ਼ ਇੰਜੀਨੀਅਰਿੰਗ, ਸਰ ਐਮ. ਵਿਸ਼ਵੇਸ਼ਵਰੱਈਆ ਇੰਸਟੀਚਿਊਟ ਆਫ਼ ਟੈਕਨਾਲੋਜੀ ਬੰਗਲੁਰੂ ਅਤੇ ਵਿਸ਼ਵੇਸ਼ਵਰੱਈਆ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਨਾਗਪੁਰ, ਆਈ.ਆਈ.ਟੀ. ਬੀ.ਐਚ.ਯੂ. ਵਾਰਾਨਸੀ ਆਦਿ, ਉਨ੍ਹਾਂ ਦੀ ਯਾਦ ‘ਚ ਰੱਖੇ ਗਏ ਹਨ।

ਮੰਤਰੀ ਨੇ ਅੱਗੇ ਦੱਸਿਆ ਕਿ ਸਾਲ 1962 ਵਿੱਚ ਸਰ ਮੋਕਸ਼ਗੁੰਡਮ ਵਿਸ਼ਵੇਸ਼ਵਰੱਈਆ ਦਾ ਦਿਹਾਂਤ ਹੋ ਗਿਆ ਸੀ, ਪਰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਯੋਗਦਾਨ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਸਮੂਹ ਇੰਜੀਨੀਅਰਾਂ ਨੂੰ ਇਸ ਦਿਵਸ ਮੌਕੇ ਹੋਰ ਮਿਹਨਤ ਅਤੇ ਸਮਰਪਣ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਵੀ ਕੀਤੀ।

 

LEAVE A REPLY

Please enter your comment!
Please enter your name here