ਅਗਨੀਪਥ ਯੋਜਨਾ ਦੀ ਭਰਤੀ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਅਗਨੀਪਥ ਯੋਜਨਾ ਦੀ ਭਰਤੀ ਆਰਮੀ ਕੈਂਟਰ ਤਿਬੜੀ ਗੁਰਦਾਸਪੁਰ ਵਿੱਚ ਚੱਲ ਰਹੀ ਹੈ ਜਿਸਦੇ ਚੱਲਦਿਆਂ 20 ਸਾਲਾਂ ਨੌਜਵਾਨ ਅਸ਼ਵਨੀ ਕੁਮਾਰ ਦੌੜ ਲਗਾਉਂਦੇ ਸਮੇਂ ਬੇਹੋਸ਼ ਹੋ ਗਿਆ ਅਤੇ ਜਿਸ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਜਾਣਕਾਰੀ ਅਨੁਸਾਰ ਡਾਕਟਰਾਂ ਵਲੋਂ ਉਸ ਨੌਜਵਾਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੈ।
ਉਸਦੇ ਨਾਲ ਦੌੜ ਰਹੇ ਨੌਜਵਾਨ ਨੇ ਦੱਸਿਆ ਕਿ ਅਗਨੀਪਥ ਯੋਜਨਾ ਦੇ ਤਹਿਤ ਅਗਨਵੀਰ ਦੀ ਪੋਸਟ ਲਈ ਆਰਮੀ ਕੈਂਟ ਗੁਰਦਾਸਪੁਰ ਦੇ ਵਿੱਚ ਭਰਤੀ ਲਈ ਆਏ ਸਨ ਤੇ ਅਸ਼ਵਨੀ ਕੁਮਾਰ ਤਾਂਰਾਗੜ ਦਾ ਰਹਿਣ ਵਾਲਾ ਹੈ ਜਿਸ ਦੀ ਉਮਰ 20 ਸਾਲ ਹੈ ਤੇ ਅਸੀਂ ਇਕੱਠੇ ਦੌੜ ਲਗਾ ਰਹੇ ਸੀ ਤੇ ਦੌੜ ਲਗਾਉਂਦੇ ਸਮੇ ਅਸ਼ਵਨੀ ਕੁਮਾਰ ਬੇਹੋਸ਼ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਆਰਮੀ ਦੇ ਡਾਕਟਰਾਂ ਨੇ ਚੈਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਦੀ ਪਲਜ ਬਹੁਤ ਤੇਜ ਚੱਲ ਰਹੀ ਹੈ ਜਿਸ ਤੋਂ ਬਾਅਦ ਉਸ ਨੂੰ ਗੁਰਦਾਸਪੁਰ ਦੇ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਇਸ ਮੌਕੇ ਹਸਪਤਾਲ ਪਹੁੰਚੀ ਗੁਰਦਾਸਪੁਰ ਦੀ SDM ਅਮਨਦੀਪ ਕੌਰ ਘੁੰਮਣ ਨੇ ਦੱਸਿਆ ਕੇ ਇਸ ਲੜਕੇ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੋਸਟ ਮਾਰਟਮ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਬਾਕੀ ਮੈਡੀਕਲ ਰਿਪੋਰਟ ਤੋਂ ਬਾਅਦ ਹੀ ਮੌਤ ਦਾ ਅਸਲ ਕਾਰਣ ਪਤਾ ਲੱਗ ਸਕੇਗਾ।