ਗੁਰਦਾਸਪੁਰ : ਨਸ਼ੇ ਦੀ ਓਵਰਡੋਜ਼ ਕਾਰਨ ਭੇਦ ਭਰੇ ਹਾਲਾਤਾਂ ‘ਚ ਨੌਜਵਾਨ ਦੀ ਹੋਈ ਮੌਤ
ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਾ ਦਿਨੋ -ਦਿਨ ਖਤਮ ਕਰਦਾ ਜਾ ਰਿਹਾ ਹੈ | ਇਸਦੀਆਂ ਜੜ੍ਹਾਂ ਇੰਨੀਆਂ ਦੂਰ ਤੱਕ ਫੈਲ ਚੁੱਕੀਆਂ ਹਨ ਕਿ ਜਿਨ੍ਹਾਂ ਨੂੰ ਵੱਢਣਾ ਹੋਰ ਵੀ ਔਖਾ ਹੁੰਦਾ ਜਾ ਰਿਹਾ ਹੈ | ਅਜਿਹਾ ਹੀ ਇੱਕ ਹੋਰ ਮਾਮਲਾ ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਬਾਬੋਵਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕਾਂ ਵੱਲੋਂ ਉਸ ਨੂੰ ਨਸ਼ਾ ਖਿਲਾਇਆ ਗਿਆ ਅਤੇ ਬਾਅਦ ਵਿੱਚ ਉਸ ਨਾਲ ਲੁੱਟ ਖੋਹ ਵੀ ਕੀਤੀ ਗਈ ਹੈ। ਪਰਿਵਾਰ ਵਾਲਿਆਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।
10 ਹਜ਼ਾਰ ਰੁਪਏ ਦੇ ਚੱਲਦਿਆਂ ਵਾਪਰੀ ਵਾਰਦਾਤ
ਪੀੜਤ ਪਰਿਵਾਰ ਦੇ ਨਾਲ ਆਸ ਪਾਸ ਦੇ ਲੋਕਾਂ ਨੇ ਦੱਸਿਆ ਹੈ ਕਿ ਨੌਜਵਾਨ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੇ ਜਾਂਦਾ ਸੀ ਪਰ ਹਰ ਵਾਰ ਕੁਝ ਨੌਜਵਾਨ ਉਸਦਾ ਪਿੱਛਾ ਕਰਦੇ ਸਨ ਅਤੇ ਸਾਨੂੰ ਨਹੀਂ ਸੀ ਪਤਾ ਕਿ ਕਿਸ ਕਾਰਨ ਉਸ ਕੋਲੋਂ ਪਿੱਛਾ ਕਰਦੇ ਸਨ। ਬੀਤੇ ਕੱਲ੍ਹ ਉਸ ਕੋਲ ਕਰੀਬ 10 ਹਜ਼ਾਰ ਰੁਪਏ ਸੀ ਜਿਸ ਕਰਕੇ ਕੁਝ ਸ਼ਰਾਰਤੀ ਅਨਸਰ ਉਸ ਦੇ ਮਗਰ ਲੱਗ ਗਏ ਅਤੇ ਉਸ ਨੂੰ ਜ਼ਬਰਦਸਤੀ ਨਸ਼ੇ ਦਾ ਸੇਵਨ ਕਰਵਾ ਕੇ ਉਸ ਨਾਲ ਲੁੱਟਖੋਹ ਕੀਤੀ ਹੈ ਤੇ ਬਾਅਦ ਵਿੱਚ ਉਸ ਦੀ ਲਾਸ਼ ਨੂੰ ਬਹਿਰਾਮਪੁਰ ਦੇ ਉੱਪਰ ਸੁੱਟ ਦਿੱਤਾ ਗਿਆ।
ਦੋਸ਼ੀਆਂ ਦੇ ਉੱਪਰ ਕਰਨੀ ਚਾਹੀਦੀ ਸਖਤ ਕਾਰਵਾਈ
ਜਿਸ ਤੋਂ ਬਾਅਦ ਲੋਕਾਂ ਨੇ ਸਾਨੂੰ ਦੱਸਿਆ ਕਿ ਤੁਹਾਡੇ ਨੌਜਵਾਨ ਦੀ ਉੱਥੇ ਮ੍ਰਿਤਕ ਦੇਹ ਪਈ ਹੈ। ਸੂਚਨਾ ਮਿਲਦੇ ਹੀ ਉਹ ਮੌਕੇ ਤੇ ਪਹੁੰਚੇ ਅਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਪੀੜਿਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਇਹਨਾਂ ਦੋਸ਼ੀਆਂ ਦੇ ਉੱਪਰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜੋ ਲੋਕਾਂ ਦੇ ਘਰ ਉਜਾੜ ਰਹੇ ਜੋ ਘਰਾਂ ਘਰਾਂ ਵਿੱਚ ਨਸ਼ਾ ਪਹੁੰਚਾ ਰਹੇ ਹਨ।
ਇਹ ਵੀ ਪੜ੍ਹੋ : ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਪਹਿਲਾ T-20 ਮੈਚ ਅੱਜ, ਸ਼ੁਭਮਨ ਗਿੱਲ ਸੰਭਾਲਣਗੇ ਟੀਮ ਦੀ ਕਮਾਨ
ਪੋਸਟਮਾਰਟਮ ਤੋਂ ਬਾਅਦ ਹੋਵੇਗਾ ਸਭ ਕਲੀਅਰ
ਉੱਥੇ ਹੀ ਸਦਰ ਥਾਣੇ ਦੇ SHO ਅਮਨਦੀਪ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਵੈਰੀਫਾਈ ਕਰ ਰਹੇ ਹਾਂ ਅਤੇ ਪੋਸਟਮਾਰਟਮ ਤੋਂ ਬਾਅਦ ਕਲੀਅਰ ਹੋਵੇਗਾ ਕਿ ਇਸ ਦੀ ਸੱਟ ਮਾਰ ਕੇ ਹੱਤਿਆ ਕੀਤੀ ਗਈ ਹੈ ਕਿ ਜਾਂ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ। ਇਹ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।