ਜਲੰਧਰ ‘ਚ ਵੋਟਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਝਟਕਾ: ਗੁਰਚਰਨ ਸਿੰਘ ਪਰਮਾਰ ਹੋਏ ‘ਆਪ’ ‘ਚ ਸ਼ਾਮਲ
ਪੰਜਾਬ ਦੇ ਜਲੰਧਰ ਜਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਚੱਲ ਰਹੀ ਖਿੱਚੋਤਾਣ ਦਰਮਿਆਨ ਸੀਨੀਅਰ ਅਕਾਲੀ ਆਗੂ ਗੁਰਚਰਨ ਸਿੰਘ ਪਰਮਾਰ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਹ ਪਰਿਵਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਪਤਨੀ ਡਾ: ਗੁਰਪ੍ਰੀਤ ਕੌਰ ਦੇ ਸਮਰਥਨ ਨਾਲ ‘ਆਪ’ ਵਿੱਚ ਸ਼ਾਮਲ ਹੋ ਗਿਆ ਹੈ।
ਪੂਰਾ ਪਰਿਵਾਰ ਪਹੁੰਚਿਆ ਸੀਐਮ ਭਗਵੰਤ ਸਿੰਘ ਮਾਨ ਦੇ ਘਰ
ਸ਼ਨੀਵਾਰ ਰਾਤ ਪੂਰਾ ਪਰਿਵਾਰ ਸੀਐਮ ਭਗਵੰਤ ਸਿੰਘ ਮਾਨ ਦੇ ਘਰ ਪਹੁੰਚਿਆ ਅਤੇ ਸ਼ਿਰਕਤ ਕੀਤੀ। ਪਰਮਾਰ ਦੀ ਪਤਨੀ ਰਮਨਜੀਤ ਕੌਰ ਅਤੇ ਪੁੱਤਰ ਗੁਰਕਰਨ ਸਿੰਘ ਵੀ ਹਾਜ਼ਰ ਸਨ। ਡਾ: ਗੁਰਪ੍ਰੀਤ ਕੌਰ ਨੇ ਕਿਹਾ-ਪੱਛਮੀ ਹਲਕੇ ਦੀਆਂ ਜ਼ਿਮਨੀ ਚੋਣਾਂ ਦੌਰਾਨ ਪੂਰੇ ਪਰਿਵਾਰ ਦੇ ‘ਆਪ’ ‘ਚ ਸ਼ਾਮਲ ਹੋਣ ਨਾਲ ਪਾਰਟੀ ਹੋਰ ਮਜ਼ਬੂਤ ਹੋਈ ਹੈ।
ਇਹ ਵੀ ਪੜ੍ਹੋ: ਧੋਨੀ ਦਾ 43ਵਾਂ ਜਨਮਦਿਨ ਅੱਜ – ਪੜ੍ਹੋ ਮਹਿੰਦਰ ਸਿੰਘ ਧੋਨੀ ਦਾ ਕਪਤਾਨੀ ਦਾ ਸਫਰ
ਅਜਿਹੇ ‘ਚ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਵਧੇਗਾ। ਗੁਰਚਰਨ ਸਿੰਘ ਪਰਮਾਰ ਨੇ 2002 ਦੀ ਚੋਣ ਆਦਮਪੁਰ ਤੋਂ ਅਕਾਲੀ ਦਲ ਦੀ ਟਿਕਟ ‘ਤੇ ਲੜੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪਰਮਾਰ ਦਾ ਪੂਰਾ ਪਰਿਵਾਰ ਪਿਛਲੇ 35 ਸਾਲਾਂ ਤੋਂ ਅਕਾਲੀ ਦਲ ਨਾਲ ਸੀ।
ਜਲੰਧਰ ਪੱਛਮੀ ਸੀਟ ‘ਤੇ ਕਿਉਂ ਹੋ ਰਹੀ ਹੈ ਜ਼ਿਮਨੀ ਚੋਣ?
2022 ਦੀਆਂ ਵਿਧਾਨ ਸਭਾ ਚੋਣਾਂ ‘ਚ ਜਲੰਧਰ ਪੱਛਮੀ ਸੀਟ ‘ਆਪ’ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਜਿੱਤੀ ਸੀ ਪਰ ਅੰਗੁਰਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ 1 ਜੂਨ ਨੂੰ ਲੋਕ ਸਭਾ ਚੋਣਾਂ ਦੀ ਵੋਟਿੰਗ ਤੋਂ ਪਹਿਲਾਂ ਅੰਗੁਰਾਲ ਨੇ ਸਪੀਕਰ ਨੂੰ 29 ਮਈ ਨੂੰ ਆਪਣਾ ਅਸਤੀਫਾ ਵਾਪਸ ਲੈਣ ਲਈ ਕਿਹਾ ਸੀ ਪਰ ਉਦੋਂ ਤੱਕ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਸੀ।
ਭਾਜਪਾ ਨੇ ਇਸ ਚੋਣ ਵਿੱਚ ਅੰਗੁਰਾਲ ਨੂੰ ਟਿਕਟ ਦਿੱਤੀ ਹੈ। ‘ਆਪ’ ਨੇ ਅਕਾਲੀ-ਭਾਜਪਾ ਸਰਕਾਰ ‘ਚ ਮੰਤਰੀ ਰਹਿ ਚੁੱਕੇ ਭਗਤ ਚੁੰਨੀਲਾਲ ਦੇ ਪੁੱਤਰ ਮਹਿੰਦਰ ਭਗਤ ਨੂੰ ਉਮੀਦਵਾਰ ਬਣਾਇਆ ਹੈ। ਕਾਂਗਰਸ ਨੇ ਸਾਬਕਾ ਡਿਪਟੀ ਮੇਅਰ ਸੁਰਿੰਦਰ ਕੌਰ ਨੂੰ ਟਿਕਟ ਦਿੱਤੀ ਹੈ।