ਦੁਬਈ ਤੋਂ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਯਾਤਰੀ ਕੋਲੋਂ ਸੋਨਾ ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡੇ ’ਤੇ ਪੁੱਜੇ ਇਕ ਯਾਤਰੀ ਤੋਂ ਕਸਟਮ ਵਿਭਾਗ ਦੀ ਟੀਮ ਨੇ 21 ਲੱਖ ਰੁਪਏ ਦੀ ਕੀਮਤ ਦਾ ਸੋਨਾ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਸਪਾਈਸ ਜੈੱਟ ਹਵਾਈ ਕੰਪਨੀ ਦੀ ਇਕ ਉਡਾਣ ਦੁਬਈ ਤੋਂ ਅੰਮ੍ਰਿਤਸਰ ਆਈ ਸੀ। ਇਸ ਹਵਾਈ ਉਡਾਣ ਰਾਹੀਂ ਅੰਮ੍ਰਿਤਸਰ ਏਅਰਪੋਰਟ ਪੁੱਜੇ ਇਕ ਯਾਤਰੀ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਉਸ ਕੋਲੋਂ ਸੋਨਾ ਬਰਾਮਦ ਹੋਇਆ ਹੈ।
ਉਨ੍ਹਾਂ ਨੇ ਦੱਸਿਆ ਕਿ ਯਾਤਰੀ ਸੋਨੇ ਨੂੰ ਪੇਸਟ ਫੋਰਮ ਵਿਚ ਲੈ ਕੇ ਆਇਆ ਸੀ, ਜਿਸ ਦਾ ਭਾਰ 497 ਗ੍ਰਾਮ ਸੀ। ਇਹ ਦੋ ਛੋਟੇ ਪੈਕੇਟਾਂ ਦੇ ਰੂਪ ਵਿੱਚ ਸੀ ਜਿਸ ਨੂੰ ਯਾਤਰੀ ਨੇ ਲੁਕਾਇਆ ਹੋਇਆ ਸੀ। ਕਸਟਮ ਵਿਭਾਗ ਨੇ ਉਕਤ ਸੋਨੇ ਨੂੰ ਜ਼ਬਤ ਕਰਦੇ ਹੋਏ ਯਾਤਰੀ ਦੇ ਹੋਰ ਸਾਥੀਆਂ ਦੀ ਵੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।