ਰਾਸ਼ਟਰਮੰਡਲ ਖੇਡਾਂ ਵਿੱਚ ਦੋ ਵਾਰ ਸੋਨ ਤਗਮਾ ਜਿੱਤਣ ਵਾਲੀ ਦੇਸ਼ ਦੀ ਮਸ਼ਹੂਰ ਵੇਟਲਿਫਟਰ ਸੰਜੀਤਾ ਚਾਨੂ ਇੱਕ ਵਾਰ ਫਿਰ ਡੋਪ ਟੈਸਟ ਵਿੱਚ ਫਸ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨੈਸ਼ਨਲ ਐਂਟੀ-ਡੋਪਿੰਗ ਏਜੰਸੀ (NADA ) ਨੇ ਗੁਜਰਾਤ ਨੈਸ਼ਨਲ ਗੇਮਜ਼ 2022 ਵਿੱਚ ਉਸ ਦੇ ਸੈਂਪਲ ਲਏ ਸਨ, ਜਿਸ ਵਿੱਚ ਸਟੀਰੌਇਡ ਡਰੋਸਟਨੋਲੋਨ ਪਾਇਆ ਗਿਆ ਹੈ। ਇਸ ਤੋਂ ਬਾਅਦ ਸੰਜੀਤਾ ‘ਤੇ ਅਸਥਾਈ ਰੋਕ ਲਗਾ ਦਿੱਤੀ ਗਈ ਹੈ। ਹੁਣ ਸੰਜੀਤਾ ਨੂੰ ਨਾਡਾ ਦੇ ਸੁਣਵਾਈ ਪੈਨਲ ਦੇ ਸਾਹਮਣੇ ਆਪਣੀ ਬੇਗੁਨਾਹੀ ਸਾਬਤ ਕਰਨੀ ਪਵੇਗੀ ਨਹੀਂ ਤਾਂ ਉਸ ‘ਤੇ 4 ਸਾਲ ਦੀ ਪਾਬੰਦੀ ਲਗਾਈ ਜਾਵੇਗੀ।
2014 ਗਲਾਸਗੋ ਅਤੇ 2018 ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਸੰਜੀਤਾ ਨੇ 30 ਸਤੰਬਰ 2022 ਨੂੰ ਅਹਿਮਦਾਬਾਦ ਵਿੱਚ ਹੋਈਆਂ ਰਾਸ਼ਟਰੀ ਖੇਡਾਂ ਵਿੱਚ 49 ਕਿਲੋਗ੍ਰਾਮ ਭਾਰ ਵਰਗ ਵਿੱਚ ਭਾਗ ਲਿਆ ਸੀ । ਇਸ ਵਿੱਚ ਮੀਰਾਬਾਈ ਚਾਨੂ ਨੇ 191 ਕਿਲੋਗ੍ਰਾਮ ਨਾਲ ਸੋਨਾ ਅਤੇ ਸੰਜੀਤਾ ਨੇ 187 ਕਿਲੋਗ੍ਰਾਮ ਨਾਲ ਚਾਂਦੀ ਦਾ ਤਗਮਾ ਜਿੱਤਿਆ ਸੀ । ਇਸ ਦੌਰਾਨ ਨਾਡਾ ਨੇ ਉਸ ਦਾ ਸੈਂਪਲ ਲਿਆ ਸੀ, ਜਿਸ ਵਿੱਚ ਸਟੀਰੌਇਡ ਪਾਏ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸੰਜੀਤਾ ਦਾ ਬੀ ਸੈਂਪਲ ਵੀ ਲਿਆ ਗਿਆ ਹੈ ਅਤੇ ਉਸਦਾ ਨਤੀਜਾ ਏ ਸੈਂਪਲ ਦੀ ਤਰ੍ਹਾਂ ਹੀ ਆਇਆ ਹੈ।
ਇਹ ਵੀ ਪੜ੍ਹੋ:
ਦੱਸ ਦੇਈਏ ਕਿ ਸੰਜੀਤਾ ਚਾਨੂ ‘ਤੇ ਇਸ ਤੋਂ ਪਹਿਲਾਂ ਮਈ 2018 ਵਿੱਚ ਡੋਪਿੰਗ ਦਾ ਦੋਸ਼ ਲੱਗਿਆ ਸੀ। ਹਾਲਾਂਕਿ ਫਿਰ ਅੰਤਰਰਾਸ਼ਟਰੀ ਵੇਟਲਿਫਟਿੰਗ ਫੈਡਰੇਸ਼ਨ (IWF) ਨੇ ਉਸਦੀ ਗਲਤੀ ਮੰਨਦੇ ਹੋਏ 2020 ਵਿੱਚ ਉਸਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ । ਇਸ ਨਾਲ ਸੰਜੀਤਾ ਦੇ ਕਰੀਅਰ ਨੂੰ 2 ਸਾਲ ਦਾ ਨੁਕਸਾਨ ਹੋਇਆ ।
ਦਰਅਸਲ, IWF ਨੇ 2017 ਵਿੱਚ ਅਮਰੀਕਾ ਵਿੱਚ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਉਸਦਾ ਸੈਂਪਲ ਲਿਆ ਸੀ। ਇਸ ਦੀ ਜਾਂਚ ਤੋਂ ਬਾਅਦ ਕਿਹਾ ਗਿਆ ਕਿ ਉਸ ਦਾ ਟੈਸਟੋਸਟੀਰੋਨ ਪੱਧਰ ਉੱਚਾ ਹੈ। ਹਾਲਾਂਕਿ ਬਾਅਦ ਵਿੱਚ IWF ਨੇ ਮੰਨਿਆ ਕਿ ਉਸ ਨੇ ਸੈਂਪਲ ਨੰਬਰ ਵਿੱਚ ਗਲਤੀ ਹੋ ਗਈ ਅਤੇ ਇਹ ਸੰਜੀਤਾ ਨਾਲ ਸਬੰਧਤ ਨਹੀਂ ਹੈ। ਇਸ ਦੇ ਨਾਲ ਹੀ ਸੰਜੀਤਾ ਤੋਂ ਇਲਾਵਾ ਗੁਜਰਾਤ ਨੈਸ਼ਨਲ ਖੇਡਾਂ ਵਿੱਚ 55 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਵੀਰਜੀਤ ਕੌਰ ਦਾ ਵੀ ਡੋਪ ਪਾਜ਼ੀਟਿਵ ਪਾਇਆ ਗਿਆ ਹੈ।