ਇੱਕੋ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੇ ਚਾਰ ਖਿਡਾਰੀ ਖੇਡਾਂ ਵਿੱਚ ਦਿਖਾਉਣਗੇ ਜੌਹਰ

0
1557

ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ ਖੇਡਾਂ ਵਤਨ ਪੰਜਾਬ ਦੀਆਂ-2022’ ਵਿੱਚ ਜਿੱਥੇ ਵੱਖ-ਵੱਖ ਖੇਡਾਂ ਵਿੱਚ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਵੈਟਰਨ ਖਿਡਾਰੀ ਜੌਹਰ ਦਿਖਾ ਰਹੇ ਹਨ ਉਥੇ ਫਤਹਿਗੜ੍ਹ ਸਾਹਿਬ ਜ਼ਿਲੇ ਵਿੱਚ ਇਕ ਪਰਿਵਾਰ ਅਜਿਹਾ ਵੀ ਹੈ ਜਿਸ ਦੀਆਂ ਤਿੰਨ ਪੀੜ੍ਹੀਆਂ ਦੇ ਚਾਰ ਖਿਡਾਰੀ ਪਤੀ-ਪਤਨੀ ਅਤੇ ਦਾਦਾ-ਪੋਤਾ ਹਿੱਸਾ ਲੈ ਰਹੇ ਹਨ।

ਪਰਿਵਾਰ ਦਾ ਮੁੱਖ ਮੈਂਬਰ ਰਾਹੁਲਦੀਪ ਸਿੰਘ ਫਤਹਿਗੜ੍ਹ ਸਾਹਿਬ ਦਾ ਜ਼ਿਲ੍ਹਾ ਖੇਡ ਅਫ਼ਸਰ ਵੀ ਜੋ ਬਲਾਕ ਤੇ ਜ਼ਿਲਾ ਪੱਧਰ ਦੇ ਖੇਡ ਮੁਕਾਬਲਿਆਂ ਦਾ ਪ੍ਰਬੰਧਕ ਵੀ ਹੈ, ਖੁਦ ਬਾਸਕਟਬਾਲ ਵਿੱਚ ਹਿੱਸਾ ਲੈਣ ਦੇ ਨਾਲ ਉਸ ਦੇ ਪਿਤਾ, ਪਤਨੀ ਤੇ ਪੁੱਤਰ ਵੱਲੋਂ ਵੀ ਖੇਡਾਂ ਵਿੱਚ ਹਿੱਸਾ ਲਿਆ ਜਾ ਰਿਹਾ ਹੈ।

ਫਤਹਿਗੜ੍ਹ ਸਾਹਿਬ ਦਾ ਜ਼ਿਲ੍ਹਾ ਖੇਡ ਅਫ਼ਸਰ ਰਾਹੁਲਦੀਪ ਸਿੰਘ ਜ਼ਿਲਾ ਪੱਧਰ ਦੇ ਮੁਕਾਬਲਿਆਂ ਵਿੱਚ ਬਾਸਕਟਬਾਲ ਵਿੱਚ 21 ਤੋਂ 40 ਸਾਲ ਉਮਰ ਵਰਗ ਵਿੱਚ ਭਾਗ ਲੈ ਰਹੇ ਹਨ। ਉਸ ਦੇ ਪਿਤਾ ਜਰਨੈਲ ਸਿੰਘ, ਜੋ ਵਾਲੀਬਾਲ ਦੇ ਨੈਸ਼ਨਲ ਪੱਧਰ ਦੇ ਖਿਡਾਰੀ ਹਨ, ਉਹ ਸਰਹਿੰਦ-ਫਤਹਿਗੜ੍ਹ ਸਾਹਿਬ ਬਲਾਕ ਵਿੱਚ 50 ਸਾਲ ਤੋਂ ਵੱਧ ਉਮਰ ਵਰਗ ਵਿੱਚ ਵਾਲੀਬਾਲ ਮੁਕਾਬਲੇ ਜਿੱਤਣ ਤੋਂ ਬਾਅਦ ਹੁਣ ਜ਼ਿਲਾ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਰਾਹੁਲਦੀਪ ਸਿੰਘ ਦੀ ਪਤਨੀ ਸਵਾਤੀ ਚੌਹਾਨ ਵੀ 21 ਤੋਂ 40 ਸਾਲ ਉਮਰ ਗਰੁੱਪ ਵਿੱਚ ਵਾਲੀਬਾਲ ਦੇ ਜ਼ਿਲਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੀ ਹੈ। ਖਿਡਾਰੀ ਪਤੀ-ਪਤਨੀ ਦਾ ਪੁੱਤਰ ਲਕਸ਼ਦੀਪ ਸਿੰਘ ਅੰਡਰ 14 ਸਾਲ ਵਿੱਚ ਬਾਸਕਟਬਾਲ ਦੇ ਜ਼ਿਲਾ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈ ਰਿਹਾ ਹੈ।

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਖੇਡ ਪੱਖੀ ਮਾਹੌਲ ਸਿਰਜਣ ਲਈ ਇਹ ਖੇਡਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਅਤੇ ਇਨ੍ਹਾਂ ਖੇਡਾਂ ਦਾ ਮੁੱਖ ਮਕਸਦ ਸੂਬੇ ਦੇ ਹਰ ਪਰਿਵਾਰ ਨੂੰ ਖੇਡਾਂ ਨਾਲ ਜੋੜਨਾ ਹੈ। ਫਤਹਿਗੜ੍ਹ ਸਾਹਿਬ ਦਾ ਇਹ ਪਰਿਵਾਰ ਬਾਕੀ ਪਰਿਵਾਰਾਂ ਲਈ ਵੀ ਪ੍ਰੇਰਨਾ ਦਾ ਸ੍ਰੋਤ ਹੈ।ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਖਤਮ ਕਰਨ ਲਈ ਖੇਡਾਂ ਹੀ ਮੁੱਖ ਜ਼ਰੀਆ ਹੈ ਜਿਨ੍ਹਾਂ ਨਾਲ ਨੌਜਵਾਨਾਂ ਦੀ ਊਰਜਾ ਚੈਨੇਲਾਈਜ਼ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਨੂੰ ਮਿਲ ਰਹੇ ਹੁੰਗਾਰੇ ਨੂੰ ਦੇਖਦਿਆਂ ‘ਰੰਗਲਾ ਪੰਜਾਬ, ਖੇਡਦਾ ਪੰਜਾਬ’ ਸਿਰਜਣ ਦਾ ਸੁਫਨਾ ਸਕਾਰ ਹੁੰਦਾ ਨਜ਼ਰ ਆ ਰਿਹਾ ਹੈ।

LEAVE A REPLY

Please enter your comment!
Please enter your name here