ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਥਾਈਲੈਂਡ ਤੋਂ ਵਤਨ ਪਰਤ ਆਏ ਹਨ। ਉਨ੍ਹਾਂ ਨੂੰ ਇੱਥੇ ਸਰਕਾਰ ਵੱਲੋਂ ਵਿਸ਼ੇਸ਼ ਸੁਰੱਖਿਆ ਦਿੱਤੀ ਗਈ ਹੈ ਅਤੇ ਉਹ ਸਰਕਾਰ ਵੱਲੋਂ ਦਿੱਤੇ ਗਏ ਬੰਗਲੇ ’ਚ ਰਹਿਣਗੇ। ਜ਼ਿਕਰਯੋਗ ਹੈ ਕਿ ਸ੍ਰੀਲੰਕਾ ਵਿੱਚ ਆਰਥਿਕ ਸੰਕਟ ਨਾਲ ਨਜਿੱਠਣ ’ਚ ਨਾਕਾਮ ਰਹਿਣ ’ਤੇ ਵਿਰੋਧੀ ਧਿਰਾਂ ਵੱਲੋਂ ਉਨ੍ਹਾਂ ਦੇ ਅਸਤੀਫੇ ਲਈ ਕੀਤੇ ਜਾ ਰਹੇ ਪ੍ਰਦਰਸ਼ਨਾਂ ਵਿਚਾਲੇ ਉਹ 13 ਜੁਲਾਈ ਨੂੰ ਦੇਸ਼ ਛੱਡ ਕੇ ਭੱਜ ਗਏ ਸਨ।
ਗੋਟਾਬਾਯਾ ਰਾਜਪਕਸੇ (73) ਦਾ ਵਤਨ ਪਰਤਣ ’ਤੇ ਕੋਲੰਬੋ ’ਚ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਕੋਲੰਬੋ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਪਾਰਟੀ ਦੇ ਮੰਤਰੀਆਂ ਤੇ ਹੋਰ ਸਿਆਸੀ ਆਗੂਆਂ ਨੇ ਉਨ੍ਹਾਂ ਦਾ ਫੁੱਲਾਂ ਦਾ ਹਾਰ ਪਹਿਨਾ ਕੇ ਸਵਾਗਤ ਕੀਤਾ। ਸਾਬਕਾ ਰਾਸ਼ਟਰਪਤੀ ਆਪਣੀ ਨਿੱਜੀ ਰਿਹਾਇਸ਼ ’ਚ ਜਾਣਾ ਚਾਹੁੰਦੇ ਸਨ ਪਰ ਸੁਰੱਖਿਆ ਕਰਮੀ ਉਨ੍ਹਾਂ ਨੂੰ ਸਿਨਾਮਨ ਗਾਰਡਨਜ਼ ਇਲਾਕੇ ਵਿਚਲੀ ਸਰਕਾਰੀ ਰਿਹਾਇਸ਼ ’ਚ ਲੈ ਗਏ।
ਹਵਾਈ ਅੱਡੇ ਦੇ ਡਿਊਟੀ ਪ੍ਰਬੰਧਕ ਨੇ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਲੰਘੀ ਰਾਤ 11.30 ਵਜੇ ਸਿੰਗਾਪੁਰ ਏਅਰ ਲਾਈਨ ਦੀ ਉਡਾਣ ਰਾਹੀਂ ਇੱਥੇ ਪਹੁੰਚੇ। ਐੱਸਐੱਲਪੀਪੀ ਦੇ ਸੂਤਰਾਂ ਨੇ ਦੱਸਿਆ ਕਿ ਪਾਰਟੀ ਦੇ ਕਈ ਲੋਕ ਉਨ੍ਹਾਂ ਨੂੰ ਮੁੜ ਸਿਆਸਤ ’ਚ ਦੇਖਣਾ ਚਾਹੁੰਦੇ ਹਨ ਪਰ ਉਹ ਹੁਣ ਸਿਆਸੀ ਤੌਰ ’ਤੇ ਸਰਗਰਮ ਨਹੀਂ ਹੋਣਗੇ। ਮੀਡੀਆ ਰਿਪੋਰਟਾਂ ਅਨੁਸਾਰ ਰਾਜਪਕਸੇ ਕੋਲੰਬੋ ’ਚ ਵਿਜੈਰਾਮਾ ਮਵਾਥਾ ਨੇੜੇ ਸਰਕਾਰੀ ਬੰਗਲੇ ’ਚ ਰਹਿਣਗੇ ਅਤੇ ਉਨ੍ਹਾਂ ਲਈ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਦੇਸ਼ ਛੱਡਣ ਮਗਰੋਂ ਰਾਜਪਕਸੇ ਮਾਲਦੀਵ ਗਏ ਸਨ, ਜਿੱਥੋਂ ਉਹ ਅੱਗੇ ਸਿੰਗਾਪੁਰ ਚਲੇ ਗਏ। ਸ੍ਰੀਲੰਕਾ ਸਰਕਾਰ ਦੇ ਦਖ਼ਲ ਮਗਰੋਂ ਉਹ ਡਿਪਲੋਮੈਟਿਕ ਪਾਸਪੋਰਟ ’ਤੇ ਥਾਈਲੈਂਡ ਗਏ, ਜਿੱਥੇ ਉਨ੍ਹਾਂ ਨੂੰ 90 ਦਿਨ ਰੁਕਣ ਦੀ ਇਜਾਜ਼ਤ ਦਿੱਤੀ ਗਈ।