ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਹਾਲ ਆਫ਼ ਫੇਮ ਵਿੱਚ ਸ਼ਾਮਲ ਕੀਤਾ ਗਿਆ ਹੈ। ICC ਨੇ ਸੋਮਵਾਰ ਨੂੰ ਇਹ ਐਲਾਨ ਕੀਤਾ
ਦੱਸ ਦਈਏ ਕਿ ਧੋਨੀ ਇਹ ਸਨਮਾਨ ਪ੍ਰਾਪਤ ਕਰਨ ਵਾਲਾ 11ਵਾਂ ਭਾਰਤੀ ਖਿਡਾਰੀ ਬਣ ਗਿਆ ਹੈ। ਆਈਸੀਸੀ ਨੇ ਧੋਨੀ ਦੇ ਕਰੀਅਰ ਬਾਰੇ ਕਿਹਾ, “17,266 ਅੰਤਰਰਾਸ਼ਟਰੀ ਦੌੜਾਂ, 829 ਕੈਚ ਅਤੇ 538 ਮੈਚ… ਇਹ ਅੰਕੜੇ ਨਾ ਸਿਰਫ਼ ਉਸਦੀ ਪ੍ਰਤਿਭਾ ਦਾ ਸਬੂਤ ਹਨ, ਸਗੋਂ ਉਸਦੀ ਨਿਰੰਤਰਤਾ, ਤੰਦਰੁਸਤੀ ਅਤੇ ਲੰਬੇ ਕਰੀਅਰ ਦਾ ਵੀ ਸਬੂਤ ਹਨ।”
ਇਸਤੋਂ ਇਲਾਵਾ ਇਸ ਸਨਮਾਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਧੋਨੀ ਨੇ ਕਿਹਾ, “ਆਈਸੀਸੀ ਹਾਲ ਆਫ਼ ਫੇਮ ਵਿੱਚ ਨਾਮ ਆਉਣਾ ਇੱਕ ਬਹੁਤ ਵੱਡਾ ਸਨਮਾਨ ਹੈ। ਦੁਨੀਆ ਭਰ ਦੇ ਮਹਾਨ ਖਿਡਾਰੀਆਂ ਦੀ ਸੂਚੀ ਵਿੱਚ ਆਪਣਾ ਨਾਮ ਦੇਖਣਾ ਮੇਰੇ ਲਈ ਮਾਣ ਦੀ ਗੱਲ ਹੈ। ਮੈਂ ਹਮੇਸ਼ਾ ਇਸ ਪਲ ਨੂੰ ਯਾਦ ਰੱਖਾਂਗਾ।”
ਆਈਸੀਸੀ ਵੱਲੋਂ ਹਾਲ ਆਫ਼ ਫੇਮ 2025 ਦੀ ਸੂਚੀ ਵਿੱਚ ਕੁੱਲ 7 ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ 5 ਪੁਰਸ਼ ਅਤੇ 2 ਮਹਿਲਾ ਖਿਡਾਰੀ ਸ਼ਾਮਲ ਹਨ। ਪੁਰਸ਼ ਖਿਡਾਰੀਆਂ ਵਿੱਚ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ, ਭਾਰਤ ਦੇ ਮਹਿੰਦਰ ਸਿੰਘ ਧੋਨੀ, ਆਸਟ੍ਰੇਲੀਆ ਦੇ ਮੈਥਿਊ ਹੇਡਨ, ਦੱਖਣੀ ਅਫਰੀਕਾ ਦੇ ਗ੍ਰੀਮ ਸਮਿਥ ਅਤੇ ਨਿਊਜ਼ੀਲੈਂਡ ਦੇ ਡੈਨੀਅਲ ਵਿਟੋਰੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਮਹਿਲਾ ਕ੍ਰਿਕਟਰਾਂ ਵਿੱਚ, ਪਾਕਿਸਤਾਨ ਦੀ ਸਨਾ ਮੀਰ ਅਤੇ ਇੰਗਲੈਂਡ ਦੀ ਸਾਰਾਹ ਟੇਲਰ ਨੂੰ ਇਹ ਸਨਮਾਨ ਮਿਲਿਆ ਹੈ।