ਜ਼ੀਰਾ ਸਿਟੀ ਪੁਲਿਸ ਵੱਲੋਂ ਅੱਜ ਸਵੇਰੇ ਕਰੀਬ ਸਾਢੇ ਚਾਰ ਵਜੇ ਹਲਕਾ ਜੀਰਾ ਤੋ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਕੁਲਬੀਰ ਜ਼ੀਰਾ ਮਿਥੇ ਪ੍ਰੋਗਰਾਮ ਅਨੁਸਾਰ ਤੜਕੇ ਜਦੋਂ ਆਪਣੀ ਰਿਹਾਇਸ਼ ਤੋਂ ਸਵੇਰੇ ਬਾਬਾ ਬੁੱਢਾ ਸਾਹਿਬ ਜਾਣ ਲੱਗੇ ਸਨ ਤਾਂ ਉਂਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਜ਼ਿਕਰਯੋਗ ਹੈ ਕਿ ਕੁਲਬੀਰ ਜੀਰਾ ਵੱਲੋਂ ਅੱਜ ਐਸਐਸਪੀ ਦਫਤਰ ਵਿਖੇ ਧਰਨਾ ਲਗਾਉਣ ਉਪਰੰਤ ਆਪਣੀ ਗ੍ਰਿਫਤਾਰੀ ਦਿੱਤੀ ਜਾਣੀ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਜ਼ੀਰਾ ਪੁਲਿਸ ਵੱਲੋਂ ਕੁਲਬੀਰ ਜੀਰਾ ਨੂੰ ਉਨਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਗਿਆ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁਲਬੀਰ ਸਿੰਘ ਜ਼ੀਰਾ ਵੱਲੋਂ ਬੀਤੇ ਦਿਨੀ ਵੱਡੀ ਗਿਣਤੀ ਸਮਰਥਕਾਂ ਸਮੇਤ ਬੀਡੀਪੀਓ ਦਫਤਰ ਵਿਖੇ ਜਾ ਕੇ ਅਣਮਿਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਸਬੰਧੀ ਜ਼ੀਰਾ ਪੁਲਿਸ ਵੱਲੋਂ ਕੁਲਬੀਰ ਜ਼ੀਰਾ ਅਤੇ 70-80 ਸਾਥੀਆਂ ਦੇ ਖ਼ਿਲਾਫ਼ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਸਰਕਾਰੀ ਦਫਤਰ ‘ਤੇ ਕਬਜ਼ਾ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।