ਜੰਗਲਾਤ ਜ਼ਮੀਨ ਘੁਟਾਲੇ ‘ਚ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸੰਦੋਆ ਵੀ ਘਿਰ ਸਕਦੇ ਹਨ ਸਵਾਲਾਂ ਦੇ ਘੇਰੇ ‘ਚ

0
712

ਜੰਗਲਾਤ ਜ਼ਮੀਨ ਘੁਟਾਲੇ ਵਿੱਚ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦਾ ਵੀ ਨਾਂ ਗੂੰਜਣ ਲੱਗਾ ਹੈ। ਸੂਤਰਾਂ ਮੁਤਾਬਕ ਸੰਦੋਆ ਵੀ ਵਿਜੀਲੈਂਸ ਦੀ ਜਾਂਚ ਦੇ ਘੇਰੇ ਵਿੱਚ ਆ ਗਏ ਹਨ। ਇਸ ਲਈ ਉਨ੍ਹਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਸੂਤਰਾਂ ਮੁਤਾਬਕ ਰੂਪਨਗਰ ਦੇ ਪਿੰਡ ਕਰੂਰਾਂ ਵਿੱਚ ਕਰੀਬ ਦੋ ਮਹੀਨੇ ਪਹਿਲਾਂ ਜੰਗਲਾਤ ਵਿਭਾਗ ਦੀ ਜ਼ਮੀਨ ਕੁਲੈਕਟਰ ਰੇਟ ਤੋਂ 10 ਗੁਣਾ ਵੱਧ ਕੀਮਤ ’ਤੇ ਵੇਚਣ ਸਬੰਧੀ ਹੋਏ ਕਰੋੜਾਂ ਰੁਪਏ ਦੇ ਘੁਟਾਲੇ ਦਾ ਸੇਕ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੱਕ ਪੁੱਜ ਗਿਆ ਹੈ। ਇਸੇ ਦੌਰਾਨ ਸੰਦੋਆ ਵੱਲੋਂ ਵਰਤੀ ਜਾ ਰਹੀ ਇਨੋਵਾ ਕ੍ਰਿਸਟਾ ਕਾਰ ਵੀ ਵਿਜੀਲੈਂਸ ਦੀ ਜਾਂਚ ਦੇ ਘੇਰੇ ਵਿੱਚ ਆ ਗਈ ਹੈ।

ਦੂਜੇ ਪਾਸੇ ਅਮਰਜੀਤ ਸਿੰਘ ਸੰਦੋਆ ਦਾ ਕਹਿਣਾ ਹੈ ਕਿ ਇਹ ਸਭ ਉਨ੍ਹਾਂ ਦੇ ਵਿਰੋਧੀਆਂ ਦੀ ਸਾਜਿਸ਼ ਹੈ ਤੇ ਉਹ ਬੇਕਸੂਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਪੂਰੇ ਮਾਮਲੇ ਬਾਰੇ ਸਮਝਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨੋਵਾ ਗੱਡੀ ਉਨ੍ਹਾਂ ਦੇ ਸਹੁਰੇ ਨੇ ਵਰਤਣ ਲਈ ਦਿੱਤੀ ਸੀ ਪਰ ਉਨ੍ਹਾਂ ਕਦੇ ਆਪਣੇ ਸਹੁਰਿਆਂ ਤੋਂ ਆਮਦਨ ਦੇ ਸਰੋਤਾਂ ਬਾਰੇ ਨਹੀਂ ਪੁੱਛਿਆ।

ਦੱਸ ਦਈਏ ਕਿ ਵਿਜੀਲੈਂਸ ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਕਾਰ ਸੰਦੋਆ ਦੇ ਇੱਕ ਰਿਸ਼ਤੇਦਾਰ ਨੇ ਖਰੀਦੀ ਸੀ ਤੇ ਇਸ ਦੀ ਅਦਾਇਗੀ ਇਸ ਘੁਟਾਲੇ ਦੇ ਇੱਕ ਮੁਲਜ਼ਮ ਵੱਲੋਂ ਸਿੱਧੀ ਕਾਰ ਡੀਲਰ ਨੂੰ ਕੀਤੀ ਗਈ ਸੀ। ਵਿਜੀਲੈਂਸ ਨੇ ਬੈਂਕ ਖਾਤੇ ਘੋਖਣ ’ਤੇ ਪਤਾ ਲਾਇਆ ਹੈ ਕਿ ਮਾਮਲੇ ਵਿੱਚ ਨਾਮਜ਼ਦ ਭਿੰਡਰ ਭਰਾਵਾਂ ਨੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਇੱਕ ਮਹਿਲਾ ਦੇ ਖਾਤੇ ਵਿੱਚ ਲਗਪਗ 2 ਕਰੋੜ ਰੁਪਏ ਪਾਏ ਸਨ, ਜਿਸ ਵਿੱਚੋਂ ਕਾਫੀ ਰਕਮ ਮਹਿਲਾ ਨੇ ਆਪਣੇ ਪਤੀ ਬਰਿੰਦਰ ਕੁਮਾਰ ਦੇ ਖਾਤੇ ਵਿੱਚ ਪਾ ਦਿੱਤੀ ਸੀ।

ਬਰਿੰਦਰ ਕੁਮਾਰ ਨੇ 16 ਅਕਤੂਬਰ, 2020 ਨੂੰ ਇੱਕ ਕਾਰ ਡੀਲਰ ਦੇ ਖਾਤੇ ਵਿੱਚ ਇਨੋਵਾ ਕ੍ਰਿਸਟਾ ਕਾਰ ਬਦਲੇ ਕਰੀਬ 19 ਲੱਖ ਰੁਪਏ ਪਾਏ। ਗੱਡੀ ਦੀ ਰਜਿਸਟਰੇਸ਼ਨ ਪਿੰਡ ਘੜੀਸਪੁਰ ਦੇ ਵਸਨੀਕ ਮੋਹਨ ਸਿੰਘ ਦੇ ਨਾਮ ’ਤੇ ਕਰਵਾਈ ਗਈ, ਜੋ ਅਮਰਜੀਤ ਸਿੰਘ ਸੰਦੋਆ ਦਾ ਸਹੁਰਾ ਹੈ। ਵਿਜੀਲੈਂਸ ਬਿਊਰੋ ਨੇ ਐਸਡੀਐਮ ਰੂਪਨਗਰ ਨੂੰ ਪੱਤਰ ਲਿਖ ਕੇ ਗੱਡੀ ਦੀ ਰਜਿਸਟਰੇਸ਼ਨ ਜ਼ਬਤ ਕਰਨ ਲਈ ਕਿਹਾ ਹੈ, ਜਿਸ ਦੀ ਪੁਸ਼ਟੀ ਕਰਦਿਆਂ ਐਸਡੀਐਮ ਰੂਪਨਗਰ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ 26 ਅਗਸਤ ਨੂੰ ਪ੍ਰਾਪਤ ਹੋਏ ਪੱਤਰ ਅਨੁਸਾਰ ਬਣਦੀ ਕਾਰਵਾਈ ਕਰ ਦਿੱਤੀ ਹੈ।

ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਅਤੇ ਉਸ ਦੇ ਭਰਾ ਅਮਰਿੰਦਰ ਸਿੰਘ ਭਿੰਡਰ ਨੇ ਜੰਗਲਾਤ ਵਿਭਾਗ ਦੀ ਮਹਿਜ਼ 90,000 ਰੁਪਏ ਪ੍ਰਤੀ ਏਕੜ ਕੁਲੈਕਟਰ ਰੇਟ ਵਾਲੀ ਕਰੀਬ 54 ਏਕੜ ਜ਼ਮੀਨ ਮੁੜ ਜੰਗਲਾਤ ਵਿਭਾਗ ਨੂੰ 9,90,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚ ਦਿੱਤੀ ਸੀ। ਇਸ ਸਬੰਧੀ ਨੂਰਪੁਰ ਬੇਦੀ ਥਾਣੇ ਵਿੱਚ ਕੇਸ ਦਰਜ ਹੋਇਆ, ਜਿਸ ਸਬੰਧੀ ਵਿਜੀਲੈਂਸ ਨੇ ਜਾਂਚ ਆਰੰਭੀ ਸੀ।

LEAVE A REPLY

Please enter your comment!
Please enter your name here