ਜੰਮੂ:ਭਾਰਤ-ਪਾਕਿਸਤਾਨ ਸਰਹੱਦ ‘ਤੇ ਪਾਕਿ ਰੇਂਜਰਾਂ ਵੱਲੋਂ ਗੋਲੀਬਾਰੀ ਕੀਤੀ ਗਈ। ਜਿਸ ਵਿੱਚ ਬੀਐਸਐਫ ਦੇ ਦੋ ਜਵਾਨ ਜ਼ਖ਼ਮੀ ਹੋ ਗਏ। ਬੀਐਸਐਫ (ਸੀਮਾ ਸੁਰੱਖਿਆ ਬਲ) ਦੇ ਪੀਆਰਓ ਅਨੁਸਾਰ ਇਹ ਘਟਨਾ ਰਾਤ 8:15 ਵਜੇ ਅੰਤਰਰਾਸ਼ਟਰੀ ਸਰਹੱਦ ‘ਤੇ ਵਾਪਰੀ। ਜ਼ਖਮੀ ਬੀਐਸਐਫ ਜਵਾਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਅਰਨੀਆ ਸੈਕਟਰ ਵਿੱਚ ਤਾਇਨਾਤ ਭਾਰਤੀ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ।
2021 ‘ਚ ਦੋਵਾਂ ਦੇਸ਼ਾਂ ਵਿਚਾਲੇ ਹੋਏ ਸ਼ਾਂਤੀ ਸਮਝੌਤੇ ਤੋਂ ਬਾਅਦ ਜੰਗਬੰਦੀ ਦੀ ਉਲੰਘਣਾ ਦੀ ਇਹ ਪਹਿਲੀ ਘਟਨਾ ਹੈ।ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐਫ ਦੇ ਦੋ ਜਵਾਨ ਲਾਈਟਾਂ ਠੀਕ ਕਰਨ ਲਈ ਬਿਜਲੀ ਦੇ ਖੰਭੇ ‘ਤੇ ਚੜ੍ਹ ਰਹੇ ਸਨ ਜਦੋਂ ਪਾਕਿਸਤਾਨੀ ਰੇਂਜਰਾਂ ਨੇ ਗੋਲੀਬਾਰੀ ਕੀਤੀ। ਇਹ ਇਲਾਕਾ ਸਰਹੱਦ ਤੋਂ ਲਗਭਗ 60 ਮੀਟਰ ਅਤੇ ਸਰਹੱਦੀ ਚੌਕੀ ਵਿਕਰਮ ਤੋਂ ਲਗਭਗ 1500 ਮੀਟਰ ਦੀ ਦੂਰੀ ‘ਤੇ ਹੈ।









