Ludhiana ‘ਚ AAP ਵਰਕਰ ਦੀ ਕੀਤੀ ਕੁੱਟਮਾਰ, 4 ਕਾਂਗਰਸੀ ਵਰਕਰਾਂ ਖਿਲਾਫ FIR ਦਰਜ
ਪੰਜਾਬ ਦੇ ਲੁਧਿਆਣਾ ਵਿੱਚ 1 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਕੁਝ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਦੀ ਕੁੱਟਮਾਰ ਕੀਤੀ। ਇਸ ਲੜਾਈ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ਦੇ ਆਧਾਰ ‘ਤੇ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ 4 ਲੋਕਾਂ ਖਿਲਾਫ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਹੈ।
ਮੁਲਜ਼ਮ ਨੌਜਵਾਨਾਂ ਦੀ ਪਛਾਣ ਕਾਂਗਰਸੀ ਵਰਕਰ ਰਮਨ, ਰਮੇਸ਼, ਬੋਨੀ ਅਤੇ ਮਨੋਜ ਕੁਮਾਰ ਵਜੋਂ ਹੋਈ ਹੈ। ਪੀੜਤ ਵਿਅਕਤੀ ਨੈਲਸਨ ਸਹੋਤਾ ਵਾਸੀ ਈਸਾ ਸ਼ਹਿਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ 1 ਜੂਨ ਨੂੰ ਆਮ ਆਦਮੀ ਪਾਰਟੀ ਦੇ ਪੋਲਿੰਗ ਬੂਥ ਨੇੜੇ ਖੜ੍ਹਾ ਸੀ। ਜਦੋਂ ਉਹ ਵੋਟ ਪਾ ਕੇ ਬਾਹਰ ਆਇਆ ਤਾਂ ਰਮਨ, ਰਮੇਸ਼ ਨੇ ਉਸ ਨਾਲ ਬਹਿਸ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਉਹ 11 ਵਜੇ ਈਸਾ ਨਗਰੀ ਗਰਾਊਂਡ ਨੇੜੇ ਪਹੁੰਚਿਆ ਤਾਂ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਦੱਸ ਦੇਈਏ ਕਿ ਇਸ ਮਾਮਲੇ ਦੀ ਜਾਂਚ ਏਐਸਆਈ ਦੇਸਰਾਜ ਕਰ ਰਹੇ ਹਨ। ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਦੂਜੇ ਪਾਸੇ ਇਸ ਮਾਮਲੇ ਵਿੱਚ ਰਮਨ ਰਮੇਸ਼ ਅਤੇ ਉਸ ਦੇ ਸਾਥੀਆਂ ਦਾ ਵੀ 1 ਜੂਨ ਨੂੰ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਉਸ ਨਾਲ ਕੁੱਟਮਾਰ ਕੀਤੀ ਗਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੈ।