ਗੁਰੂ ਘਰ ਨਤਮਸਤਕ ਹੋ ਕੇ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਭਾਣਾ
ਚੰਡੀਗੜ੍ਹ-ਅੰਬਾਲਾ ਹਾਈਵੇਅ ‘ਤੇ ਦਰਦਨਾਕ ਹਾਦਸਾ ਵਾਪਰਿਆ। ਇੱਕ ਵਿਅਕਤੀ ਆਪਣੇ ਪਰਿਵਾਰ ਨਾਲ ਗੁਰੂ ਘਰ ਨਤਮਸਤਕ ਹੋ ਕੇ ਜਦੋਂ ਵਾਪਸ ਆ ਰਿਹਾ ਸੀ ਤਾਂ ਉਨ੍ਹਾਂ ਨਾਲ ਭਿਆਨਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਪਤਨੀ ਅਤੇ ਧੀ ਨਾਲ ਮੋਟਰਸਾਈਕਲ ‘ਤੇ ਗੁਰੂ ਘਰ ਮੱਥਾ ਟੇਕ ਕੇ ਆ ਰਹੇ ਵਿਅਕਤੀ ਨੂੰ ਕੰਟੇਨਰ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਹਾਦਸੇ ਵਿੱਚ ਵਿਅਕਤੀ ਅਤੇ ਉਸਦੀ ਧੀ ਦੀ ਮੌਤ ਹੋ ਗਈ, ਜਦਕਿ ਪਤਨੀ ਗੰਭੀਰ ਜ਼ਖਮੀ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਵਿਜੇ ਕੁਮਾਰ ਅਤੇ ਉਸ ਦੀ ਬੇਟੀ ਵੈਸ਼ਾਲੀ ਵਜੋਂ ਹੋਈ ਹੈ।
ਪੁਲਿਸ ਅਨੁਸਾਰ ਲਾਲੜੂ ਦੇ ਰਹਿਣ ਵਾਲੇ ਤਿੰਨੋਂ ਪੰਚਕੂਲਾ ਦੇ ਗੁਰਦੁਆਰਾ ਨਾਡਾ ਸਾਹਿਬ ਤੋਂ ਦੁਪਹਿਰ 2 ਵਜੇ ਦੇ ਕਰੀਬ ਘਰ ਪਰਤ ਰਹੇ ਸਨ। ਜ਼ੀਰਕਪੁਰ ਵਾਲੇ ਪਾਸੇ ਤੋਂ ਜਾਣ ਲਈ ਵਿਜੇ ਫਲਾਈਓਵਰ ਦੇ ਹੇਠਾਂ ਸੜਕ ਦੇ ਗਲਤ ਪਾਸੇ ਚੜ੍ਹ ਗਿਆ। ਪਰ ਜਿਵੇਂ ਹੀ ਉਸਨੇ ਫਲਾਈਓਵਰ ‘ਤੇ ਜਾਣ ਲਈ ਮੋਟਰਸਾਈਕਲ ਨੂੰ ਮੋੜਿਆ ਤਾਂ ਜ਼ੀਰਕਪੁਰ ਵਾਲੇ ਪਾਸੇ ਤੋਂ ਆ ਰਹੇ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਟੱਕਰ ਲੱਗਣ ਕਾਰਨ ਵਿਜੇ ਮੋਟਰਸਾਈਕਲ ਦਾ ਸੰਤੁਲਨ ਗੁਆ ਬੈਠਾ, ਜਿਸ ਕਾਰਨ ਉਹ, ਉਸ ਦੀ ਪਤਨੀ ਅਤੇ ਬੇਟੀ ਡਿੱਗ ਪਈਆਂ। ਵਿਜੇ ਟਰੱਕ ਦੇ ਪਿਛਲੇ ਪਹੀਏ ਦੀ ਲਪੇਟ ‘ਚ ਆ ਗਿਆ, ਜਦਕਿ ਬਾਕੀ ਦੋ ਨੂੰ ਗੰਭੀਰ ਸੱਟਾਂ ਲੱਗੀਆਂ। ਪੁਲਿਸ ਨੇ ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਡੇਰਾਬਸੀ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਉਨ੍ਹਾਂ ਨੂੰ PGIMER ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪਰ ਵੈਸ਼ਾਲੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ : ਚੌਥੇ ਪੜਾਅ ‘ਚ ਵੋਟਿੰਗ ਲਈ PM ਮੋਦੀ ਨੇ ਵੋਟਰਾਂ ਨੂੰ ਕੀਤੀ…
ਪੁਲਿਸ ਨੇ ਚਾਲਕ ਨੂੰ ਲਿਆ ਹਿਰਾਸਤ
ਪੁਲਿਸ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਤੋਂ ਸਿਰਫ 100 ਮੀਟਰ ਦੀ ਦੂਰੀ ‘ਤੇ ਸਿਆਸੀ ਰੈਲੀ ਹੋਣ ਕਾਰਨ ਪੁਲਿਸ ਦੀ ਟੀਮ ਅਤੇ ਸੜਕ ਸੁਰੱਖਿਆ ਫੋਰਸ ਕੁਝ ਹੀ ਮਿੰਟਾਂ ‘ਚ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਜੇਸੀਬੀ ਗੱਡੀ ਦੀ ਮਦਦ ਨਾਲ ਮ੍ਰਿਤਕ ਦੀ ਲਾਸ਼ ਨੂੰ ਟਰੱਕ ਹੇਠੋਂ ਕੱਢ ਕੇ ਡੇਰਾਬੱਸੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ। ਹਾਦਸੇ ਤੋਂ ਬਾਅਦ ਪੁਲਿਸ ਨੇ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ।