ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸ ਦੌਰਾਨ ਕਈ ਕਿਸਾਨ ਸ਼ਹੀਦ ਹੋ ਗਏ ਹਨ।ਬੀਤੇ ਕੱਲ੍ਹ ਵੀ ਇੱਕ ਨੌਜਵਾਨ ਕਿਸਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।ਇਸ ਲਈ ਹੁਣ ਕਿਸਾਨਾਂ ਨੇ ਇੱਕ ਵੱਡਾ ਫੈਸਲਾ ਲਿਆ ਹੈ।ਪੰਜਾਬ ਦੇ ਕਿਸਾਨਾਂ ਨੇ ਸ਼ੰਭੂ ਤੇ ਖਨੌਰੀ ਸਰਹੱਦ ਤੋਂ ਦਿੱਲੀ ਜਾਣ ਦੀ ਆਪਣੀ ਯੋਜਨਾ 2 ਦਿਨਾਂ ਲਈ ਮੁਲਤਵੀ ਕਰ ਦਿੱਤੀ ਹੈ।
ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ ਅਸੀਂ ਅਗਲੇ 2 ਦਿਨਾਂ ਤੱਕ ਰਣਨੀਤੀ ਬਣਾਵਾਂਗੇ। ਖਨੌਰੀ ਸਰਹੱਦ ‘ਤੇ ਕਿਸਾਨ ਦੀ ਮੌਤ ਅਤੇ ਤਣਾਅਪੂਰਨ ਸਥਿਤੀ ਤੋਂ ਬਾਅਦ ਕਿਸਾਨਾਂ ਨੇ ਇਹ ਫੈਸਲਾ ਲਿਆ ਹੈ।ਇਸ ਦੇ ਨਾਲ ਹੀ ਖਨੌਰੀ-ਦਾਤਾਸਿੰਘਵਾਲਾ ਸਰਹੱਦ ‘ਤੇ ਕਿਸਾਨਾਂ ਵੱਲੋਂ ਚਿੱਟਾ ਝੰਡਾ ਲਹਿਰਾਇਆ ਗਿਆ, ਜਿਸ ਦੇ ਜਵਾਬ ‘ਚ ਪ੍ਰਸ਼ਾਸਨ ਨੇ ਵੀ ਚਿੱਟਾ ਝੰਡਾ ਲਹਿਰਾਇਆ।
ਫਿਲਹਾਲ ਦੋਵਾਂ ਪਾਸਿਆਂ ਤੋਂ ਸ਼ਾਂਤੀ ਬਣੀ ਹੋਈ ਹੈ। ਇਸ ਤੋਂ ਪਹਿਲਾਂ ਦਿਨ ਭਰ ਸ਼ੰਭੂ ਅਤੇ ਖਨੌਰੀ ਸਰਹੱਦ ’ਤੇ ਕਿਸਾਨਾਂ ਅਤੇ ਪੁਲੀਸ ਵਿਚਾਲੇ ਟਕਰਾਅ ਹੁੰਦਾ ਰਿਹਾ। ਪੁਲਿਸ ਨੇ ਦਿਨ ਭਰ ਰਬੜ ਦੀਆਂ ਗੋਲੀਆਂ ਅਤੇ ਅੱਥਰੂ ਗੈਸ ਦੇ ਗੋਲੇ ਛੱਡ ਕੇ ਕਿਸਾਨਾਂ ਨੂੰ ਰੋਕਿਆ।