ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ‘ਤੇ 13 ਫਰਵਰੀ ਤੋਂ ਸ਼ੁਰੂ ਹੋ ਕੇ ਦਿੱਲੀ ਵੱਲ ਮਾਰਚ ਕਰਦੇ ਹੋਏ ਕਿਸਾਨ ਅੰਦੋਲਨ- 2 ਦੇ 24 ਵੇ ਦਿਨ ਅੱਜ ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਕਿਸਾਨ ਨੇਤਾ ਗੁਰਅਮਨੀਤ ਸਿੰਘ ਮਾਂਗਟ, ਹਰਮਨਦੀਪ ਸਿੰਘ, ਚਮਕੌਰ ਸਿੰਘ, ਬਚਿੱਤਰ ਸਿੰਘ ਕੋਟਲਾ, ਹਰਵਿੰਦਰ ਸਿੰਘ ਢਿੱਲੋਂ ਅਤੇ ਕੁਲਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ 8 ਮਾਰਚ ਨੂੰ ਕੌਮਾਂਤਰੀ ਔਰਤ ਦਿਹਾੜੇ ਤੇ ਪੂਰੇ ਦੇਸ਼ ਭਰ ਤੋਂ ਭਾਰੀ ਸੰਖਿਆ ਵਿੱਚ ਬੀਬੀਆਂ ਦਾ ਜੱਥਾ ਸ਼ੰਬੂ ਤੇ ਖਨੌਰੀ ਮੋਰਚੇ ਤੇ ਪਹੁੰਚੇਗਾ ਤੇ ਕੌਮਾਂਤਰੀ ਔਰਤ ਦਿਹਾੜਾ ਵਿਚ ਸ਼ਿਰਕਤ ਕਰੇਗਾ। ਇਸ ਮੌਕੇ ਦੋਨੋਂ ਬਾਰਡਰਾਂ ਦੀ ਬਾਗਡੋਰ ਅਤੇ ਮੰਚ ਸੰਚਾਲਨ ਮਹਿਲਾਵਾਂ ਦੇ ਹੱਥ ਹੋਵੇਗੀ।
ਉਹਨਾਂ ਇਹ ਵੀ ਦੱਸਿਆ ਕਿ 6 ਮਾਰਚ ਨੂੰ ਜੋ ਮੋਰਚੇ ਤੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਉਸ ਵਿੱਚ ਅੱਜ ਕੇਰਲਾ ਤੋਂ ਕਿਸਾਨਾਂ ਦਾ ਇੱਕ ਜੱਥਾ ਰੇਲ ਰਾਹੀਂ ਦਿੱਲੀ ਨੂੰ ਰਵਾਨਾ ਹੋਇਆ। ਭਾਜਪਾ ਸਰਕਾਰ ਦੇ ਝੂਠ ਦਾ ਪਰਦਾਫਾਸ਼ ਕਰਦੇ ਹੋਏ ਉਹਨਾਂ ਦੱਸਿਆ ਕਿ ਅੱਜ ਤਾਮਿਲਨਾਡੂ ਦੇ ਤ੍ਰਿੱਪੁਰ ਵਿੱਚ ਐਡੋਕੇਟ ਇਸ਼ਨ ਦੀ ਅਗਵਾਈ ਵਿੱਚ ਸੈਂਕੜੇ ਕਿਸਾਨਾਂ ਦਾ ਜੱਥਾ ਰੇਲਵੇ ਵੱਲੋਂ ਕਿਸਾਨਾਂ ਨੂੰ ਟਿਕਟ ਨਾ ਦੇਣ ਦੇ ਵਿਰੋਧ ਵਿੱਚ ਦੋ ਘੰਟੇ ਰੇਲ ਰੋਕਣ ਨੂੰ ਮਜਬੂਰ ਹੋ ਗਿਆ, ਜਿਸ ਕਾਰਨ ਰੇਲਵੇ ਪੁਲਿਸ ਨੇ ਕਿਸਾਨਾਂ ਤੇ ਮੁਕਦਮਾ ਦਰਜ ਕਰ ਦਿੱਤਾ।
ਕਿਸਾਨ ਨੇਤਾਵਾਂ ਨੇ ਅੱਜ ਦੋਨੋਂ ਫੋਰਮਾ ਵੱਲੋਂ ਪੰਜਾਬ ਦੇ ਲੋਕਾਂ ਨੂੰ ਮੋਰਚੇ ਵਿੱਚ ਸ਼ਮੂਲੀਅਤ ਵਧਾਉਣ ਦੀ ਵੀ ਅਪੀਲ ਕੀਤੀ ਅਤੇ ਨਾਲ ਹੀ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਤਾ ਪਾ ਕੇ ਹਰੇਕ ਪਿੰਡ ਵਿੱਚੋਂ ਘੱਟੋ ਘੱਟ ਇੱਕ ਟਰਾਲੀ ਸ਼ੰਭੂ ਤੇ ਕਿੰਨੌਰੀ ਬਾਰਡਰ ਤੇ ਭੇਜਣ।
ਉਹਨਾਂ ਭਾਜਪਾ ਦੇ ਆਈਟੀ ਸੈਲ ਨੂੰ ਦੇਸ਼ ਵਿੱਚ ਮਾਹੌਲ ਖਰਾਬ ਕਰਨ ਅੱਤੇ ਕਿਸਾਨਾਂ ਅਤੇ ਇਕ ਸਮੁਦਾਏ ਵਿਸ਼ੇਸ਼ ਪ੍ਰਤੀ ਚਲਾਏ ਜਾ ਰਹੇ ਦੁਰ ਪ੍ਰਚਾਰ ਦਾ ਖੰਡਨ ਕੀਤਾ ਅਤੇ ਭਾਜਪਾ ਨੂੰ ਚੇਤਾਵਨੀ ਦਿੱਤੀ ਕਿ ਇਹ ਸੱਭ ਕੁਝ ਸਤਿਕਾਰਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਖਿਲਾਫ ਅਤੇ ਦੇਸ਼ ਦੇ ਅਮਨ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਦੱਸਿਆ।