ਅਮਰੀਕੀ ਰੈਪਰ ਟੇਕਆਫ ਦੇ ਕਤਲ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਸ਼ਹੂਰ ਅਮਰੀਕੀ ਰੈਪਰ ਟੇਕਆਫ ਦਾ ਹਿਊਸਟਨ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ‘ਗਰੈਮੀ ਐਵਾਰਡ ਨਾਮਜ਼ਦਗੀ’ ਹਾਸਲ ਕਰ ਚੁੱਕਿਆ ਸੀ ਅਤੇ ਉਸ ਨੇ ਆਪਣੇ ਕਰੀਅਰ ‘ਚ ਕਈ ਸੁਪਰਹਿੱਟ ਗੀਤ ਹਾਲੀਵੁੱਡ ਇੰਡਸਟਰੀ ਨੂੰ ਦਿੱਤੇ। ਉਹ 28 ਸਾਲ ਦੇ ਸਨ। ਟੇਕਆਫ ਦੇ ਇੱਕ ਪ੍ਰਤੀਨਿਧੀ ਨੇ ਉਸ ਦੀ ਹੱਤਿਆ ਦੀ ਪੁਸ਼ਟੀ ਕੀਤੀ ਹੈ।
ਇਸ ਦੇ ਨਾਲ ਹੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਗੋਲੀਬਾਰੀ ਦੀ ਘਟਨਾ ਝਗੜੇ ਤੋਂ ਬਾਅਦ ਹੋਈ ਹੈ। ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਟੇਕਆਫ ਨੂੰ ਸਿਰ ‘ਚ ਜਾਂ ਉਸ ਦੇ ਸਿਰ ਦੇ ਨੇੜੇ ਗੋਲੀ ਮਾਰੀ ਗਈ ਸੀ, ਜਿਸ ਕਾਰਨ ਰੈਪਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਮੀਡੀਆ ਰਿਪੋਰਟਾਂ ਅਨੁਸਾਰ ਡਾਈਸ ਗੇਮ ਦੌਰਾਨ ਝਗੜਾ ਹੋਇਆ ਸੀ ਅਤੇ ਇਸ ਤੋਂ ਬਾਅਦ ਟੇਕਆਫ ਨੂੰ ਗੋਲੀ ਮਾਰ ਦਿੱਤੀ ਗਈ ਸੀ।
ਇਸ ਘਟਨਾ ‘ਚ ਦੋ ਹੋਰ ਲੋਕ ਵੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਪੁਲਸ ਵੱਲੋਂ ਮੁਲਜ਼ਮਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਦੱਸ ਦੇਈਏ ਕਿ ਕੁਝ ਘੰਟੇ ਪਹਿਲਾਂ ਟੇਕਆਫ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਬੌਲਿੰਗ ਐਲੀ ‘ਚ ਆਪਣੀ ਤਸਵੀਰ ਪੋਸਟ ਕੀਤੀ ਸੀ। ਉਸ ਨੇ ਇੱਕ ਦਿਨ ਪਹਿਲਾਂ ਆਪਣੇ ਨਵੇਂ ਗੀਤ ‘ਮੇਸੀ’ ਦਾ ਵੀਡੀਓ ਜਾਰੀ ਕੀਤਾ ਸੀ।
ਦੱਸਣਯੋਗ ਹੈ ਕਿ ਟੇਕਆਫ ਦਾ ਜਨਮ 18 ਜੂਨ 1994 ਨੂੰ ਹੋਇਆ ਸੀ। ਅਟਲਾਂਟਾ ਦੇ ਮਿਗੋਸ ਨੇ ਆਪਣੇ 2013 ਦੇ ਹਿੱਟ ਗੀਤ ‘ਵਰਸਾਚੇ’ ਨੂੰ ਪ੍ਰਮੁੱਖਤਾ ਦਿੱਤੀ ਸੀ, ਜਿਸ ਨੂੰ ਡਰੇਕ ਨੇ ਰੀਮਿਕਸ ਕੀਤਾ ਸੀ। ਇਸ ਦੇ ਨਾਲ-ਨਾਲ ਰੈਪਰ ਨੂੰ ਆਪਣੀ ਪਹਿਲੀ ਐਲਬਮ ‘ਯੰਗ ਰਿਚ ਨੇਸ਼ਨ’ ਲਈ ਵੀ ਜਾਣਿਆ ਜਾਂਦਾ ਹੈ।