ਮੀਂਹ ਕਾਰਨ ਡਿੱਗੀ ਕੰਧ, 9 ਬੱਚਿਆਂ ਦੀ ਦਰਦਨਾਕ ਮੌਤ
ਮੱਧ ਪ੍ਰਦੇਸ਼ ਦੇ ਸਾਗਰ ‘ਚ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਇਕ ਮਕਾਨ ਦੀ ਕੰਧ ਡਿੱਗਣ ਕਾਰਨ 9 ਬੱਚਿਆਂ ਦੀ ਮੌਤ ਹੋ ਗਈ ਹੈ। ਘਟਨਾ ਸਾਗਰ ਜ਼ਿਲ੍ਹੇ ਦੇ ਸ਼ਾਹਪੁਰ ਕਸਬੇ ਵਿਚ ਮੋਹਲੇਧਾਰ ਮੀਂਹ ਕਾਰਨ ਵਾਪਰੀ, ਜਿੱਥੇ ਸਵੇਰੇ ਮਕਾਨ ਦੀ ਕੰਧ ਡਿੱਗ ਗਈ ਅਤੇ ਉਸ ਦੇ ਮਲਬੇ ਹੇਠਾਂ ਦੱਬ ਕੇ 9 ਬੱਚਿਆਂ ਦੀ ਮੌਤ ਹੋ ਗਈ। ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਦੇ ਆਲਾ ਅਧਿਕਾਰੀ ਮੌਕੇ ‘ਤੇ ਮੌਜੂਦ ਹਨ।
ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ
ਸੂਤਰਾਂ ਮੁਤਾਬਕ ਸ਼ਾਹਪੁਰ ਕਸਬੇ ‘ਚ ਸਥਿਤ ਇਕ ਕੱਚਾ ਘਰ ਅੱਜ ਸਵੇਰੇ ਮੋਹਲੇਧਾਰ ਮੀਂਹ ਤੋਂ ਬਾਅਦ ਅਚਾਨਕ ਢਹਿ ਗਿਆ। ਹਾਦਸੇ ਤੋਂ ਬਾਅਦ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਹੁਣ ਤੱਕ 9 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਪੁਲਸ ਦੀ ਮੁੱਢਲੀ ਜਾਂਚ ਵਿਚ ਇਹ ਘਰ ਪੰਚਮ ਅਹੀਰਵਰ ਦਾ ਦੱਸਿਆ ਗਿਆ ਹੈ।
ਜ਼ਿਲ੍ਹਾ ਕੁਲੈਕਟਰ ਤੇ ਪੁਲਸ ਸੁਪਰਡੈਂਟ ਮੌਕੇ ‘ਤੇ ਮੌਜੂਦ
ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਤੋਂ ਇੱਥੇ ਮੋਹਲੇਧਾਰ ਮੀਂਹ ਜਾਰੀ ਹੈ, ਇਸ ਕਾਰਨ ਮਕਾਨ ਢਹਿ ਗਿਆ ਹੈ। ਸਾਬਕਾ ਮੰਤਰੀ ਗੋਪਾਲ ਭਾਰਗਵ, ਜ਼ਿਲ੍ਹਾ ਕੁਲੈਕਟਰ ਦੀਪਕ ਆਰੀਆ ਅਤੇ ਪੁਲਸ ਸੁਪਰਡੈਂਟ ਮੌਕੇ ‘ਤੇ ਮੌਜੂਦ ਹਨ। ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਾਗਰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਹੈ।