ਕੇਰਲ ਦੇ ਕਲਾਮਾਸੇਰੀ ‘ਚ ਈਸਾਈ ਭਾਈਚਾਰੇ ਦੇ ਇਕ ਕਨਵੈਨਸ਼ਨ ਸੈਂਟਰ ‘ਚ ਐਤਵਾਰ ਸਵੇਰੇ ਹੋਏ ਧਮਾਕੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕਨਵੈਨਸ਼ਨ ਸੈਂਟਰ ‘ਚ ਮੌਜੂਦ ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਹਿਲਾ ਧਮਾਕਾ ਪ੍ਰਾਰਥਨਾ ਦੌਰਾਨ ਹੋਇਆ।
ਇਸ ਤੋਂ ਬਾਅਦ ਅਸੀਂ ਦੋ ਹੋਰ ਧਮਾਕਿਆਂ ਦੀ ਆਵਾਜ਼ ਸੁਣੀ। ਕਲਾਮਾਸੇਰੀ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਧਮਾਕੇ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਗੱਲ ਦੀ ਵੀ ਪੁਸ਼ਟੀ ਨਹੀਂ ਹੋ ਸਕੀ ਕਿ ਮੌਕੇ ‘ਤੇ ਇਕ ਤੋਂ ਵੱਧ ਧਮਾਕੇ ਹੋਏ ਜਾਂ ਨਹੀਂ।
ਕਨਵੈਨਸ਼ਨ ਸੈਂਟਰ ਵਿਚ ਮੌਜੂਦ ਇਕ ਹੋਰ ਵਿਅਕਤੀ ਨੇ ਦੱਸਿਆ ਕਿ ਘਟਨਾ ਦੇ ਸਮੇਂ ਹਾਲ ਵਿਚ 2000 ਤੋਂ ਵੱਧ ਲੋਕ ਮੌਜੂਦ ਸਨ। ਪੁਲਸ ਅਨੁਸਾਰ ਸਵੇਰੇ ਕਰੀਬ 9 ਵਜੇ ਧਮਾਕੇ ਦੀ ਸੂਚਨਾ ਦੇਣ ਵਾਲੀ ਇਕ ਕਾਲ ਆਈ ਅਤੇ ਪੁਲਸ ਦੀ ਮਦਦ ਮੰਗੀ ਗਈ।
ਟੈਲੀਵਿਜ਼ਨ ਚੈਨਲਾਂ ‘ਤੇ ਪ੍ਰਸਾਰਿਤ ਇਸ ਘਟਨਾ ਦੇ ਵਿਜ਼ੂਅਲ ‘ਚ ਵੱਡੀ ਗਿਣਤੀ ‘ਚ ਫਾਇਰ ਫਾਈਟਰਜ਼ ਅਤੇ ਪੁਲਸ ਕਰਮਚਾਰੀਆਂ ਨੂੰ ਮੌਕੇ ਤੋਂ ਲੋਕਾਂ ਨੂੰ ਬਾਹਰ ਕੱਢਦੇ ਦੇਖਿਆ ਜਾ ਸਕਦਾ ਹੈ। ਕਨਵੈਨਸ਼ਨ ਸੈਂਟਰ ਦੇ ਅੰਦਰ ਹੋਏ ਧਮਾਕੇ ਮਗਰੋਂ ਡਰੇ ਹੋਏ ਲੋਕ ਚੀਕਦੇ ਹੋਏ ਦਿਖਾਈ ਦੇ ਰਹੇ ਹਨ। ਇਨ੍ਹਾਂ ਦ੍ਰਿਸ਼ਾਂ ‘ਚ ਧਮਾਕੇ ਤੋਂ ਬਾਅਦ ਸੈਂਕੜੇ ਲੋਕ ਸੈਂਟਰ ਦੇ ਬਾਹਰ ਖੜ੍ਹੇ ਦਿਖਾਈ ਦੇ ਰਹੇ ਹਨ।
ਸੂਬੇ ਦੇ ਉਦਯੋਗ ਮੰਤਰੀ ਪੀ. ਰਾਜੀਵ ਨੇ ਕਿਹਾ ਕਿ ਘਟਨਾ ਵਾਲੀ ਥਾਂ ਨੂੰ ਘੇਰ ਲਿਆ ਗਿਆ ਹੈ ਅਤੇ ਪੁਲਸ ਅਤੇ ਫਾਇਰ ਬ੍ਰਿਗੇਡ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿਚੋਂ ਕੁਝ ਵਿਅਕਤੀ ਗੰਭੀਰ ਰੂਪ ਵਿਚ ਝੁਲਸ ਗਏ ਹਨ। ਮੰਤਰੀ ਨੇ ਕਿਹਾ ਕਿ ਕਲਾਮਸੇਰੀ ਮੈਡੀਕਲ ਕਾਲਜ ਵਿਖੇ ਸਾਰੀਆਂ ਡਾਕਟਰੀ ਸਹਾਇਤਾ ਅਤੇ ਸਹੂਲਤਾਂ ਉਪਲਬਧ ਹਨ ਅਤੇ ਲੋੜ ਪੈਣ ‘ਤੇ ਜ਼ਖਮੀਆਂ ਨੂੰ ਹੋਰ ਹਸਪਤਾਲਾਂ ਵਿਚ ਭੇਜਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਧਮਾਕੇ ਦੇ ਪਿੱਛੇ ਕਿਸ ਦਾ ਹੱਥ ਸੀ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਸਰਕਾਰੀ ਪੇਸ਼ੇਵਰਾਂ ਨੂੰ ਧਮਾਕੇ ਦੇ ਮੱਦੇਨਜ਼ਰ ਡਿਊਟੀ ਲਈ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ।